ਸਰਬਜੀਤ ਸਿੰਘ ਭੰਗੂ
ਸਨੌਰ, 30 ਮਾਰਚ
ਪੰਜਾਬ ’ਚ ਸਹਿਕਾਰੀ ਸਭਾਵਾਂ ਦੀ ਮਾੜੀ ਵਿੱਤੀ ਹਾਲਤ ਦੇ ਮੱਦੇਨਜ਼ਰ ’ਚ ਇਨ੍ਹਾਂ ਸਭਾਵਾਂ ਦੇ ਸਕੱਤਰਾਂ ਦੀਆਂ ਖਾਲੀ ਅਸਾਮੀਆਂ ’ਤੇ ਸਹਿਕਾਰੀ ਬੈਂਕਾਂ ਦੇ ਮੁਲਾਜਮਾਂ ਰਾਹੀਂ ਕੰਮ ਕਰਵਾਇਆ ਜਾਵੇਗਾ। ਹਰ ਬਰਾਂਚ ’ਚ ਨਵੀਂ ਭਰਤੀ ਕਰਕੇ ਅਮਲੇ ਦੀ ਕਮੀ ਵੀ ਦੂਰ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ। ਉਹ ਅੱਜ ਹਲਕਾ ਸਨੌਰ ਦੇ ਪਿੰਡ ਜਲਾਲਪੁਰ ਵਿੱਚ ਘਨੌਰ ਦੇ ਵਿਧਾਇਕ ਮਦਨਲਾਲ ਜਲਾਲਪੁਰ ਦੇ ਯਤਨਾ ਸਦਕਾ ‘ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ’ ਦੀ ਸਥਾਪਤ ਹੋਈ ਬਰਾਂਚ ਦਾ ਉਦਘਾਟਨ ਕਰਨ ਆਏ ਸਨ। ਮੰਤਰੀ ਨੇ ਇਹ ਬੈਂਕ ਖੋਲ੍ਹੇ ਜਾਣ ਦਾ ਸਿਹਰਾ ਵੀ ਵਿਧਾਇਕ ਮਦਨਲਾਲ ਜਲਾਲਪੁਰ ਨੂੰ ਦਿੱਤਾ। ਇਸ ਮੌਕੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਅਤੇ ਜ਼ਿਲ੍ਹਾ ਪਰੀਸ਼ਦ ਮੈਂਬਰ ਗਗਨਦੀਪ ਸਿੰਘ ਜੌਲੀ ਜਲਾਲਪੁਰ ਤੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਮੌਜੂਦ ਸਨ। ਸ੍ਰੀ ਰੰਧਾਵਾ ਨੇ ਕਿਹਾ ਸੂਬੇ ਦੀਆਂ ਜੇਲ੍ਹਾਂ ’ਚ ਸਹਿਕਾਰੀ ਅਦਾਰੇ ਮਾਰਕਫ਼ੈਡ, ਮਿਲਕਫ਼ੈਡ ਤੇ ਸ਼ੂਗਰਫ਼ੈਡ ਵੱਲੋਂ ਰਾਸ਼ਨ ਤੇ ਹੋਰ ਵਸਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਊਂਟਸਰ ਅਤੇ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ, ਮੀਤ ਪ੍ਰਧਾਨ ਜੌਲੀ ਜਲਾਲਪੁਰ ਤੇ ਮਹਿਲਾ ਕਾਂਗਰਸ ਦੇ ਜਿਲ੍ਹਾ ਕਿਰਨ ਢਿੱਲੋਂ ਸਮੇਤ ਕੇ.ਕੇ. ਮਲਹੋਤਰਾ, ਹੈਪੀ ਸੇਹਰਾ, ਚੇਅਰਮੈਨ ਡਿੰਪਲ ਚਪੜ, ਹਰਵਿੰਦਰ ਕਾਮੀ, ਗੁਰਦੇਵ ਬਘੌਰਾ, ਵਿਜੇ ਨੰਦਾ ਮੰਡੌਲੀ ਮੌਜੂਦ ਸਨ।