ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਦਸੰਬਰ
ਪੰਜਾਬ ਦੀ ਵਿਰਾਸਤ ਨੂੰ ਰੂਪਮਾਨ ਕਰਦੇ ਤਿੰਨ ਰੋਜ਼ਾ ‘ਸੰਗਰੂਰ ਵਿਰਾਸਤੀ ਮੇਲੇ’ ਦਾ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਥਾਨਕ ਬਨਾਸਰ ਬਾਗ ਵਿੱਚ ਕੀਤਾ ਗਿਆ। ਇਸ ਮੌਕੇ ਸ੍ਰੀ ਚੰਨੀ ਨੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਸੰਗਰੂਰ ਕੋਠੀ, ਬਨਾਸਰ ਬਾਗ, ਮਾਰਬਲ ਬਾਰਾਂਦਰੀ ਅਤੇ ਘੰਟਾ ਘਰ ਨੂੰ ਪੁਨਰ ਸੁਰਜੀਤ ਕਰਨ ਅਤੇ ਅਪਗ੍ਰੇਡੇਸ਼ਨ ਕਰਨ ਉਪਰੰਤ ਮਨੁੱਖਤਾ ਨੂੰ ਸਮਰਪਿਤ ਕਰਨ ਦੀ ਰਸਮ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਦੀ ਮੌਜੂਦਗੀ ਵਿੱਚ ਅਦਾ ਕੀਤੀ।
ਇਸ ਮੌਕੇ ਮੁੱਖ ਮੰਤਰੀ ਨੇ ਵਿਰਾਸਤੀ ਮੇਲੇ ਦੀ ਸਟੇਜ ਤੋਂ ਅਦਾਕਾਰਾਂ ਅਤੇ ਲੋਕ ਸਾਜ਼ ਵਜਾਉਣ ਵਾਲਿਆਂ ਦੀ ਹੌਸਲਾ-ਅਫ਼ਜਾਈ ਕਰਦਿਆਂ ਖੁਦ ਵੀ ਨੌਜਵਾਨ ਕਲਾਕਾਰਾਂ ਨਾਲ ਖੜ੍ਹ ਕੇ ਸਾਜ਼ ਵਜਾਏ। ਜ਼ਿਲਾ ਪ੍ਰਸ਼ਾਸਨ ਤਰਫੋਂ ਡਿਪਟੀ ਕਮਿਸ਼ਨਰ ਰਾਮਵੀਰ ਤੇ ਹੋਰ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੁਸਤਕ ‘ਸੰਗਰੂਰ ਦੈੱਨ ਐਂਡ ਨਾਓ ਟੇਲ ਆਫ਼ ਏ ਸਿਟੀ’ ਭੇਟ ਕੀਤੀ।
ਲੋਕ ਕਲਾਵਾਂ ’ਤੇ ਆਧਾਰਤ ਸਮਾਗਮ ਅੱਜ ਅਤੇ ਭਲਕੇ
ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਵਿਰਾਸਤੀ ਮੇਲੇ ਤਹਿਤ 15 ਅਤੇ 16 ਦਸੰਬਰ ਨੂੰ ਵੀ ਬਨਾਸਰ ਬਾਗ ਵਿੱਚ ਲੋਕ ਕਲਾਵਾਂ ’ਤੇ ਆਧਾਰਤ ਸਮਾਗਮਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਭਰ ਤੋਂ ਆਏ ਕਲਾਕਾਰ ਅਤੇ ਨਾਟਕਕਾਰ ਆਪਣੇ ਹੁਨਰ ਦੀ ਬਾਖੂਬੀ ਪੇਸ਼ਕਾਰੀ ਕਰਨਗੇ। ਉਦਘਾਟਨੀ ਸਮਾਰੋਹ ਮੌਕੇ ਸ਼੍ਰੀ ਸੰਜੇ ਕੁਮਾਰ ਵਿਸ਼ੇਸ਼ ਮੁੱਖ ਸਕੱਤਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ, ਸ਼੍ਰੀਮਤੀ ਕੰਵਲਪ੍ਰੀਤ ਬਰਾੜ ਡਾਇਰੈਕਟਰ ਸੈਰ ਸਪਾਟਾ ਵਿਭਾਗ, ਡਿਪਟੀ ਕਮਿਸ਼ਨਰ ਰਾਮਵੀਰ, ਏ.ਡੀ.ਸੀ ਅਨਮੋਲ ਸਿੰਘ ਧਾਲੀਵਾਲ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।