ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ 22 ਜੁਲਾਈ
ਨੇੜਲੇ ਪਿੰਡ ਬਾਲਦ ਖੁਰਦ ਵਿੱਚ ਹਬਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਚੌਥੇ ਦਿਨ ਸਕੂਲ ਦੀ ਛੱਤ ’ਤੇ ਚੜ੍ਹ ਕੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਪ੍ਰਿੰਸੀਪਲ ਵੇਦ ਵਰਤ ਪਲਾਹ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਸਕੂਲ ਸਟਾਫ ਦੇ ਹੱਕ ਵਿੱਚ ਭੁੱਖ ਹੜਤਾਲ ’ਤੇ ਡਟੇ ਰਹੇ।
ਦੱਸਣਯੋਗ ਹੈ ਕਿ ਸਟਾਫ ਦੀਆਂ ਮੰਗਾਂ ਦੇ ਹੱਕ ਵਿੱਚ ਭੁੱਖ ਹੜਤਾਲ ’ਤੇ ਬੈਠੇ ਪ੍ਰਿੰਸੀਪਲ ਵੇਦ ਵਰਤ ਦੀ ਬੀਤੀ ਸ਼ਾਮ ਬਲੱਡ ਪ੍ਰੈਸ਼ਰ ਘੱਟ ਜਾਣ ਕਾਰਨ ਸਿਹਤ ਵਿਗੜ ਗਈ ਸੀ। ਉਨ੍ਹਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿੱਚ ਦਾਖਲ ਕਰਵਾਉਣਾ ਪਿਆ ਸੀ। ਹਸਪਤਾਲ ਵਿੱਚੋਂ ਛੁੱਟੀ ਮਿਲਣ ਉਪਰੰਤ ਉਹ ਮੁੜ ਸਕੂਲ ਦੇ ਅਹਾਤੇ ਵਿੱਚ ਭੁੱਖ ਹੜਤਾਲ ’ਤੇ ਬੈਠ ਗਏ। ਇਸੇ ਦੌਰਾਨ ਅਧਿਆਪਕ ਵਰਿੰਦਰ ਸਿੰਘ, ਪ੍ਰਦੀਪ ਕੋਚ, ਲਵਪ੍ਰੀਤ ਸਿੰਘ, ਨੇਹਾ ਗਰਗ, ਸ਼ਰਨ ਕੌਰ, ਪ੍ਰਦੀਪ ਕੁਮਾਰੀ, ਨਵਜੋਤ ਸਿੰਘ ਅਤੇ ਭਗਵੰਤ ਸਿੰਘ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਵੱਲੋਂ ਅਧਿਆਪਕਾਂ ਨਾਲ ਕੀਤੇ ਵਾਅਦੇ ਅਨੁਸਾਰ ਪਹਿਲੀ ਜੂਨ ਤੋਂ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੀ ਇੰਕਰੀਮੈਂਟ ਲਗਾਉਣੀ ਸੀ ਅਤੇ ਕੁਝ ਅਧਿਆਪਕਾਂ ਦੀਆਂ ਤਰੱਕੀਆਂ ਵੀ ਕੀਤੀਆਂ ਜਾਣੀਆਂ ਸਨ। ਇਸ ਸਬੰਧੀ ਮੈਨੇਜਮੈਂਟ ਵੱਲੋਂ ਲੈਟਰ ਵੀ ਜਾਰੀ ਕਰ ਦਿੱਤੇ ਗਏ ਸਨ ਪਰ ਮੈਨੇਜਮੈਂਟ ਵੱਲੋਂ ਕਥਿਤ ਤੌਰ ’ਤੇ ਟਾਲਮਟੋਲ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਇਸ ਕਾਰਨ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਸਟਾਫ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਅਪੀਲ
ਮੈਨੇਜਮੈਂਟ ਦੇ ਅਕਾਦਮਿਕ ਇੰਚਾਰਜ ਹਰੀਸ਼ ਰਾਵਲ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਕਾਰਗੁਜ਼ਾਰੀ ਦੇ ਆਧਾਰ ’ਤੇ ਇੰਕਰੀਮੈਂਟ ਦਿੱਤੀ ਜਾਵੇਗੀ ਅਤੇ ਰੈਸ਼ਨੇਲਾਈਜੇਸ਼ਨ ਕਾਰਨ ਬਦਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਕਿਸੇ ਵੀ ਅਧਿਆਪਕ ਦੀ ਤਨਖਾਹ ਨਹੀਂ ਰੋਕੀ ਗਈ। ਉਨ੍ਹਾਂ ਕਿਹਾ ਕਿ ਸਟਾਫ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ।