ਪੱਤਰ ਪ੍ਰੇਰਕ
ਸਮਾਣਾ, 17 ਸਤੰਬਰ
ਨਗਰ ਕੌਂਸਲ ਸਮਾਣਾ ’ਚ ਭਾਰਤ ਸਰਕਾਰ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਅਧੀਨ ‘ਇੰਡੀਆਨ ਸਵੱਛਤਾ ਲੀਗ’ ਮਿਸ਼ਨ ਤਹਿਤ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਕੀਤੀ ਗਈ। ਨਗਰ ਕੌਂਸਲ ਸਮਾਣਾ ਦੇ ਕਾਰਜਸਾਧਕ ਅਫਸਰ ਬਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਸ਼ਹਿਰ ਨੂੰ ਸਾਫ ਸੁਥਰਾ ਅਤੇ ਪਲਾਸਟਿਕ ਮੁਕਤ ਕਰਨ ਲਈ ਸਵੱਛਤਾ ਰੈਲੀ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਸਵੱਛਤਾ ਰੈਲੀ ਨੂੰ ਰਵਾਨਾ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਪ੍ਰਤੀ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਸਾਰੇ ਸ਼ਹਿਰ ਵਾਸੀਆਂ ਨੂੰ ਆਪ ਸਹਿਯੋਗ ਦੇਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਸ਼ੁਰੂ ਕੀਤੀ ਜਾ ਰਹੀ ਸਫਾਈ ਅਭਿਆਨ ਵਿਚ ਸਮਾਣਾ ਦੇ 21 ਵਾਰਡਾਂ ਦੇ ਕੌਂਸਲਰਾ ਵਿੱਚੋਂ ਸਿਰਫ 3 ਹੀ ਕੌਂਸਲਰ ਹਾਜ਼ਰ ਸਨ।
ਲਹਿਰਾਗਾਗਾ (ਪੱਤਰ ਪ੍ਰੇਰਕ): ਇੰਡੀਆ ਸਵੱਛਤਾ ਲੀਗ ਤਹਿਤ ਅੱਜ ਸ਼ਹਿਰ ਵਿੱਚ ‘ਮੇਰਾ ਸ਼ਹਿਰ, ਮੇਰਾ ਮਾਣ’ ਮੁਹਿੰਮ ਦੀ ਸ਼ੁਰੂਆਤ ਨਗਰ ਕੌਂਸਲ ਲਹਿਰਾਗਾਗਾ ਵਲੋਂ ਕੀਤੀ ਗਈ। ਇਸ ਸਫ਼ਾਈ ਰੈਲੀ ’ਚ ਸਰਕਾਰੀ ਸੈਕੰਡਰੀ ਸਕੂਲ ਲੜਕੇ ਵਿਦਿਆਰਥੀ ਤੇ ਸਫਾਈ ਸੇਵਕਾਂ ਨੇ ਸ਼ਿਰਕਤ ਕੀਤੀ। ਰੈਲੀ ਦੌਰਾਨ ਵਰਕਰਾਂ ਨੇ ਆਪਣੇ ਹੱਥਾਂ ’ਚ ਮਾਟੋ ਫੜੇ ਹੋਏ ਸਨ।
ਧੂਰੀ (ਖੇਤਰੀ ਪ੍ਰਤੀਨਿਧ): ਸਥਾਨਕ ਨਗਰ ਕੌਂਸਲ ਵੱਲੋਂ ਸਫ਼ਾਈ ਮੁਹਿੰਮ ‘ਇੰਡੀਆ ਸਵੱਛਤਾ ਲੀਗ’ ਦੇ ਤਹਿਤ ਸ਼ਹਿਰ ’ਚ ਰੈਲੀ ਕੱਢੀ ਗਈ। ਰੈਲੀ ਨੂੰ ਨਗਰ ਕੌਂਸਲ ਦੀ ਪ੍ਰਧਾਨ ਪੁਸ਼ਪਾ ਰਾਣੀ ਵੱਲੋਂ ਰਵਾਨਾ ਕੀਤਾ ਗਿਆ।
ਜਾਗਰੂਕਤਾ ਰੈਲੀ ਕੱਢੀ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਨਗਰ ਕੌਂਸਲ ਭਵਾਨੀਗੜ੍ਹ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਸਫ਼ਾਈ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਵਿੱਚ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ੍ਹ ਲੜਕੇ ਅਤੇ ਲੜਕੀਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਰੈਲੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਕ, ਮੁੱਖ ਬਾਜ਼ਾਰ, ਬੱਸ ਸਟੈਂਡ, ਟਰੱਕ ਯੂਨੀਅਨ ਆਦਿ ਥਾਵਾਂ ’ਤੇ ਪਹੁੰਚੀ। ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਸਫ਼ਾਈ ਮੁਹਿੰਮ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ।