ਲਹਿਰਾਗਾਗਾ: ਇੱਥੇ ਲਹਿਰਾਗਾਗਾ-ਪਾਤੜਾਂ ਸੜਕ ’ਤੇ ਬਣੀ ਚਿਕਨ ਸ਼ਾਪ ’ਤੇ ਦੋ ਧਿਰਾਂ ’ਚ ਹੋਈ ਲੜਾਈ ਵਿਚ ਕਈ ਜਣੇ ਫੱਟੜ ਹੋ ਗਏ। ਐੱਸਐਚਓ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦੋਹਾਂ ਧਿਰਾਂ ਖਿਲਾਫ਼ ਧਾਰਾ 341,323,148,149,506 ਅਧੀਨ ਕਰਾਸ ਕੇਸ ਦਰਜ ਕਰਕੇ ਜਾਂਚ ਏਐੱਸਆਈ ਗੁਰਤੇਜ ਸਿੰਘ ਨੂੰ ਸੌਪ ਦਿੱਤੀ ਹੈ। ਦੋਹਾਂ ਧਿਰਾਂ ਦੇ ਜਖ਼ਮੀ ਵਿਅਕਤੀ ਸਿਵਲ ਹਸਪਤਾਲ ਦਾਖਲ ਕੀਤੇ ਗਏ ਹਨ। ਐੱਸਐਚਓ ਨੇ ਦੱਸਿਆ ਕਿ ਜਸਵਿੰਦਰ ਸਿੰਘ, ਜਿੰਦਲ ਸਿੰਘ ਵਾਸੀ ਗਿਦੜਿਆਣੀ ਤੇ ਦੂਜੀ ਧਿਰ ਦੇ ਅਮਨਦੀਪ ਸਿੰਘ ਗੋਲਡੀ ਵਾਸੀ ਰਾਮਪੁਰਾ ਜਵਾਹਰਵਾਲਾ ਸਣੇ ਕਈ ਹੋਰਾਂ ਖਿਲਾਫ਼ ਕਰਾਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ। -ਪੱਤਰ ਪ੍ਰੇਰਕ