ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਪਰੈਲ
ਸੰਗਰੂਰ ਜ਼ਿਲ੍ਹਾ ਜੇਲ੍ਹ ਵਿੱਚ ਕੈਦੀਆਂ ਤੇ ਹਵਾਲਾਤੀਆਂ ਵਿਚਾਲੇ ਹੋਈ ਖੂਨੀ ਝੜਪ ਦੌਰਾਨ ਦੋ ਕੈਦੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਕੈਦੀ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖਮੀਆਂ ਨੂੰ ਡਾਕਟਰਾਂ ਵਲੋਂ ਸਿਵਲ ਹਸਪਤਾਲ ਤੋਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਡਾਕਟਰਾਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਜਦਕਿ ਜ਼ਿਲ੍ਹਾ ਪੁਲੀਸ, ਸਿਵਲ ਅਤੇ ਜੇਲ੍ਹ ਪ੍ਰਸ਼ਾਸਨ ਨੇ ਮੀਡੀਆ ਤੋਂ ਪਾਸਾ ਵੱਟੀ ਰੱਖਿਆ ਤੇ ਜੇਲ੍ਹ ਦੇ ਸੁਪਰਡੈਂਟ ਸਣੇ ਕਿਸੇ ਵੀ ਹੋਰ ਅਧਿਕਾਰੀ ਨੇ ਫੋਨ ਕਾਲ ਰਿਸੀਵ ਨਾ ਕੀਤੀ। ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹਾ ਜੇਲ੍ਹ ’ਚ ਦੇਰ ਸ਼ਾਮ ਕੈਦੀਆਂ/ਹਵਾਲਾਤੀਆਂ ਦੀ ਝੜਪ ਹੋ ਗਈ ਜਿਸ ’ਚ ਗੰਭੀਰ ਜ਼ਖ਼ਮੀ ਹੋਏ ਚਾਰ ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਦੋ ਕੈਦੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਡਿਊਟੀ ’ਤੇ ਤਾਇਨਾਤ ਡਾ. ਕਰਮਦੀਪ ਕਾਹਲ ਨੇ ਦੱਸਿਆ ਕਿ ਸ਼ਾਮ ਕਰੀਬ ਸਾਢੇ ਸੱਤ ਵਜੇ ਜ਼ਿਲ੍ਹਾ ਜੇਲ੍ਹ ਤੋਂ ਚਾਰ ਕੈਦੀਆਂ/ਹਵਾਲਾਤੀਆਂ ਮੁਹੰਮਦ ਹਰੀਸ਼, ਮੁਹੰਮਦ ਸ਼ਹਿਬਾਜ਼, ਗਗਨਦੀਪ ਸਿੰਘ ਅਤੇ ਧਰਮਿੰਦਰ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਜਿਨ੍ਹਾਂ ’ਚੋਂ ਮੁਹੰਮਦ ਹਰੀਸ਼ ਅਤੇ ਧਰਮਿੰਦਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਗੰਭੀਰ ਜ਼ਖ਼ਮੀ ਗਗਨਦੀਪ ਸਿੰਘ ਅਤੇ ਮੁਹੰਮਦ ਸ਼ਹਿਬਾਜ਼ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।