ਪੱਤਰ ਪ੍ਰੇਰਕ
ਲਹਿਰਾਗਾਗਾ, 16 ਫਰਵਰੀ
ਇਥੇ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਲਹਿਲ ਖੁਰਦ ਵਿੱਚ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਬਸੰਤ ਪੰਚਮੀ ਦੇ ਤਿਉਹਾਰ ਮੌਕੇ ਹੱਥੀ ਪਤੰਗ ਬਣਾਉਣ ਦਾ ਮੁਕਾਬਲਾ ਵਿਦਿਆਰਥਣਾਂ ਦੇ ਵਿਚਕਾਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥਣਾ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ, ਨਗਰ ਕੌਂਸਲ ਲਹਿਰਾਗਾਗਾ ਦੀ ਸਾਬਕਾ ਪ੍ਰਧਾਨ ਰਵੀਨਾ ਗਰਗ, ਸੈਕਟਰੀ ਵਿਜੇ ਕਾਂਸਲ ਅਤੇ ਖ਼ਜ਼ਾਨਚੀ ਪ੍ਰੇਮ ਕੁਮਾਰ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਪੜ੍ਹਾਈ ਦੇ ਨਾਲ ਨਾਲ ਵਿਦਿਆਰਥਣਾਂ ਨੂੰ ਆਪਣੇ ਤਿਉਹਾਰਾਂ ਨਾਲ ਵੀ ਜੋੜਨਾ ਹੈ, ਜਿਸ ਨਾਲ ਸਾਡੀ ਸੱਭਿਆਤਾ ਅਤੇ ਸੰਸਕ੍ਰਿਤ ਦੀ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ।
ਪਿੰਡ ਭੁਟਾਲ ਕਲਾਂ ਦੇ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ’ਚ ਵੀ ਅੱਜ ਬਸੰਤ ਪੰਚਮੀ ਦਾ ਤਿਉਹਾਰ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਪ੍ਰਿੰਸੀਪਲ ਰਜਨੀ ਸ਼ਰਮਾ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਆਰਟ ਮੁਕਾਬਲੇ ਕਰਵਾਏ ਗਏ।
ਪੈਰਾਮਾਊਟ ਪਬਲਿਕ ਸਕੂਲ ’ਚ ਵੀ ਪ੍ਰਿੰਸੀਪਲ ਮਾਨਸ ਕੁਮਾਰ ਦੀ ਅਗਵਾਈ ’ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ।
ਦੇਵੀਗੜ੍ਹ (ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਵਿਖੇ ਚੌਗਿਰਦੇ ਦੇ ਖੇੜਿਆਂ ਦੀ ਤਰਜ਼ਮਾਨੀ ਕਰਦਾ ਬਸੰਤ ਉਤਸਵ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥਣਾਂ ਨੇ ਕੇਸਰੀ ਰੰਗ ਦੇ ਦੁਪੱਟੇ ਲੈ ਕੇ ਬਸੰਤ ਦੇ ਜਸ਼ਨ ਮਨਾਏ। ਉਥੇ ਹੀਪਿੰਡ ਪਿੱਪਲਖੇੜੀ ਵਿੱਚ ਬਾਹਲਾ ਪਬਲਿਕ ਸਕੂਲ ’ਚ ਵੀ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਾਰੇ ਬੱਚੇ ਪੀਲੇ ਪਹਿਰਾਵੇ ਵਿੱਚ ਪੀਲੇ ਫੁੱਲ ਲੈ ਕੇ ਸਕੂਲ ਆਏ। ਇਸ ਮੌਕੇ ਵੱਡੇ ਬੱਚਿਆਂ ਨੇ ਅਧਿਆਪਕਾਂ ਦੀ ਮਦਦ ਨਾਲ ਪਤੰਗ ਵੀ ਉਡਾਏ ਅਤੇ ਬਾਅਦ ਵਿੱਚ ਸਾਰੇ ਅਧਿਆਪਕਾਂ ਨੇ ਵਿਦਿਆਰਥੀਆਂ ਨਾਲ ਸਾਂਝੀ ਫੋਟੋ ਖਿਚਵਾਈ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਇੱਥੇ ਬਾਬਾ ਬੰਸਰੀ ਵਾਲਾ ਅਤੇ ਗੋਦੜੀ ਵਾਲਾ ਸ਼ਿਵ ਮੰਦਰ ਕਮੇਟੀ ਵੱਲੋਂ ਬਾਬਾ ਬੰਸਰੀ ਵਾਲੇ ਟਿੱਲੇ ’ਤੇ ਹਰ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ ਵਿਰਦੀ, ਸਰਪ੍ਰਸਤ ਗੁਰਦੇਵ ਸਿੰਘ ਔਲਖ, ਜਨਰਲ ਸਕੱਤਰ ਮਾਸਟਰ ਕੁਲਵੰਤ ਸਿੰਘ, ਵਿੱਤ ਸਕੱਤਰ ਰਾਜਨ ਕੁਮਾਰ ਦੀ ਅਗਵਾਈ ਹੇਠ ਬਸੰਤ ਪੰਚਮੀ ਮੇਲਾ ਕਰਵਾਇਆ ਗਿਆ।
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਟ ਮਹਿਲਾਂ ਵਿੱਚ ਸੰਸਥਾ ਦੇ ਚੇਅਰਮੈਨ ਰਾਓਵਿੰਦਰ ਸਿੰਘ, ਵਾਈਸ ਚੇਅਰਮੈਨ ਕੌਰ ਸਿੰਘ ਡੁੱਲਟ ਅਤੇ ਪ੍ਰਿੰਸੀਪਲ ਡਾ. ਮਨਜੀਤ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਵੱਲੋਂ ਬਸੰਤ ਪੰਚਮੀ ਦਾ ਦਿਹਾੜਾ ਬੜੇ ਹੀ ਹੁਲਾਸ ਨਾਲ ਮਨਾਇਆ ਗਿਆ। ਬਸੰਤ ਤੇ ਪੀਲੇ ਰੰਗ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਸਟਾਫ਼ ਮੈਬਰਾਂ ਅਤੇ ਵਿਦਿਆਰਥੀ ਪੀਲੇ ਰੰਗ ਦੇ ਪਹਿਰਾਵੇ ਵਿੱਚ ਕਾਲਜ ਆਏ।
ਰਾਜਪੁਰਾ (ਪੱਤਰ ਪ੍ਰੇਰਕ): ਆਰੀਅਨਜ਼ ਗਰੁੱਪ ਆਫ ਕਾਲਜਿਸ ਨੇਪਰਾਂ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਨੂੰ ਪੀਲੀ ਰੰਗੋਲੀ ਨਾਲ ਸਜਾਇਆ ਗਿਆ। ਕਾਲਜ ਵਿਦਿਆਰਥੀਆਂ ਨੇ ਇਸ ਮੌਕੇ ਪਤੰਗ ਉਡਾਉਣ, ਫੈਂਸੀ ਡਰੈਸ ਸਮੇਤ ਹੋਰਨਾਂ ਕਈ ਆਨਲਾਈਨ ਮੁਕਾਬਲਿਆਂ ਵਿੱਚ ਭਾਗ ਲਿਆ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਹੈਰੀਟੇਜ ਪਬਲਿਕ ਸਕੂਲ ਵਿੱਚ ਰੁੱਤ ਪਰਿਵਰਤਨ ਨੂੰ ਦਰਸਾਉਂਦਾ ਬਸੰਤ-ਪੰਚਮੀ ਦਾ ਤਿਉਹਾਰ ਗਿਆਨ ਤੇ ਸੰਗੀਤ ਦੀ ਦੇਵੀ ਮਾਂ ਸਰਸਵਤੀ ਦੇ ਜਨਮ-ਦਿਵਸ ਤੇ ਵੀਰ ਹਕੀਕਤ ਰਾਏ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਮਨਾਇਆ ਗਿਆ।
ਰਵਾਇਤੀ ਢੰਗ ਨਾਲ ਮਨਾਈ ਬਸੰਤ ਪੰਚਮੀ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਬਸੰਤ ਪੰਚਮੀ ਰੁੱਤਾਂ ਦੀ ਤਬਦੀਲੀ ਨਾਲ ਸਬੰਧਤ ਤਿਉਹਾਰ ਹੈ, ਜਿਸ ਅਨੁਸਾਰ ਸਰਦੀ ਦੀ ਰੁੱਤ ਖ਼ਤਮ ਹੋਣ ਅਤੇ ਬਹਾਰ ਦੀ ਰੁੱਤ ਦੇ ਆਰੰਭ ਹੋਣ ਦਾ ਅਨੁਮਾਨ ਕੀਤਾ ਜਾਂਦਾ ਹੈ। ‘ਆਈ ਬਸੰਤ ਪਾਲਾ ਉਡੰਤ’ ਦੀ ਸਤਰ ਅਨੁਸਾਰ ਸਰਦੀ ਦੀ ਰੁੱਤ ਨੂੰ ਅਲਵਿਦਾ ਕਹਿੰਦੇ ਹੋਏ ਅਤੇ ਬਸੰਤ ਪੰਚਮੀ ਦੀ ਮਹੱਤਤਾ ਨੂੰ ਦਰਸਾਉਦਾ ਹੋਏ ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਰਵਾਇਤੀ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ।