ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 25 ਮਈ
ਇੱਥੋਂ ਨੇੜਲੇ ਪਿੰਡਾਂ ਕੁੰਨਰਾਂ ਦੇ ਸਰਕਾਰੀ ਮਿਡਲ ਸਕੂਲ ਅੱਗੇ ਪਿਛਲੇ ਲੰਬੇ ਸਮੇਂ ਤੋਂ ਗੰਦੇ ਨਾਲੇ ਦਾ ਪਾਣੀ ਖੜ੍ਹਨ ਕਾਰਨ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਕੁੰਨਰਾਂ, ਸੁਖਦੇਵ ਸਿੰਘ ਪੰਚ, ਰੋਹੀ ਸਿੰਘ ਪੰਚ, ਨਿੱਕਾ ਸਿੰਘ, ਗੁਰਵਿੰਦਰ ਸਿੰਘ, ਵਿੱਕੀ ਸਿੰਘ, ਭੀਮ ਸਿੰਘ, ਜਸਬੀਰ ਸਿੰਘ ਅਤੇ ਕਿਸਾਨ ਆਗੂ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਮਿਡਲ ਸਕੂਲ ਅੱਗੇ ਨਾਲਾ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਕੱਚਾ ਹੋਣ ਕਰਕੇ ਗੰਦਾ ਪਾਣੀ ਹਰ ਵਕਤ ਖੜ੍ਹਾ ਰਹਿੰਦਾ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਇਹ ਗੰਦਾ ਪਾਣੀ ਤੇ ਹੋਰ ਬਰਸਾਤੀ ਪਾਣੀ ਸਕੂਲ ਦੇ ਅੰਦਰ ਚਲਾ ਜਾਂਦਾ ਹੈ ਤੇ ਸਕੂਲ ਅੱਗੇ ਖੜ੍ਹ ਜਾਂਦਾ ਹੈ। ਇਸ ਕਾਰਨ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਰਪੰਚ ਇਹ ਕੰਮ ਨਹੀਂ ਕਰਵਾ ਸਕਦੀ ਤਾਂ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਿੰਡ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ ਸਰਦਾਰ ਮੁਲਖਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋ ਲੱਖ ਰੁਪਏ ਦੀ ਜੋ ਗਰਾਂਟ ਆਈ ਹੈ, ਉਹ ਗਰਾਂਟ ਮੰਡੀ ਤੋਂ ਅੱਗੇ ਵਾਲੇ ਨਾਲੇ ਬਣਾਉਣ ਵਾਸਤੇ ਆਈ ਹੈ ਜਦੋਂ ਕਿ ਇਹ ਕੰਮ ਪੀ ਡਬਲਯੂ ਡੀ ਵੱਲੋਂ ਕਰਵਾਇਆ ਜਾਣਾ ਹੈ।