ਖੇਤਰੀ ਪ੍ਰਤੀਨਿਧ
ਬਰਨਾਲਾ, 10 ਅਗਸਤ
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਨੂੰ ਹੁਲਾਰਾ ਦੇਣ ਲਈ ਸਾਇੰਸ, ਤਕਨਾਲੋਜੀ ਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਤੋਂ ਮੁੱਖ ਮੰਤਰੀ ਵਿਗਿਆਨ ਯਾਤਰਾ ਦਾ ਆਗਾਜ਼ ਕਰਦਿਆਂ ਕਰੀਬ 300 ਵਿਦਿਆਰਥੀਆਂ ਦੀਆਂ ਚਾਰ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਸ ਯਾਤਰਾ ਤਹਿਤ ਸੂਬੇ ਦੇ ਵਿਦਿਆਰਥੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਦੌਰਾ ਕਰਨਗੇ।
ਇਸ ਮੌਕੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਵਿਦਿਆਰਥੀਆਂ ਦੀਆਂ ਬੱਸਾਂ ਸਾਇੰਸ ਸਿਟੀ ਜਾਣਗੀਆਂ ਅਤੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਕਰੀਬ 1.25 ਲੱਖ ਵਿਦਿਆਰਥੀ ਇਸ ਯਾਤਰਾ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਉਸਾਰੀ ਸਾਇੰਸ ਦੁਨੀਆਂ ਦੇ ਰੂਬਰੂ ਹੋ ਸਕਣਗੇ। ਉਨਾਂ ਕਿਹਾ ਕਿ ਇਸ ਯਾਤਰਾ ਦਾ ਮਕਸਦ ਵਿਦਿਆਰਥੀਆਂ ਵਿਚ ਵਿਗਿਆਨ ਦੀ ਰੁਚੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਉਪਰਾਲੇ ਨਾਲ ਵਧੇਰੇ ਵਿਦਿਆਰਥੀ ਵਿਗਿਆਨ ਵਿਸ਼ੇ ਨੂੰ ਤਰਜੀਹ ਦੇਣਗੇ।
ਉਨ੍ਹਾਂ ਕਿਹਾ ਕਿ ਜਿੱਥੇ ਸਾਇੰਸ ਵਿਸ਼ੇ ਨੂੰ ਚੁਣਨ ਦੀ ਵਿਦਿਆਰਥੀਆਂ ਦੀ ਕੌਮੀ ਪੱਧਰ ਦੀ ਔਸਤਨ ਦਰ 25 ਫੀਸਦੀ ਤੋਂ ਉੱਤੇ ਹੈ, ਉਥੇ ਪੰਜਾਬ ’ਚ ਇਹ ਦਰ ਸਿਰਫ 14 ਫੀਸਦੀ ਹੈ। ਮੁੱਖ ਮੰਤਰੀ ਵਿਗਿਆਨ ਯਾਤਰਾ ਇਸ ਦਰ ’ਚ ਸੁਧਾਰ ਲਿਆਵੇਗੀ ਤੇ ਪੰਜਾਬ ’ਚ ਚੰਗੇ ਸਾਇੰਸਦਾਨ ਪੈਦਾ ਹੋਣਗੇ।
ਇਸ ਮੌਕੇ ਸਾਇੰਸ ਤੇ ਤਕਨਾਲੋਜੀ ਸਕੱਤਰ ਰਾਹੁਲ ਤਿਵਾੜੀ, ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ, ਏਡੀਸੀ ਪਰਮਵੀਰ ਸਿੰਘ, ਐੱਸਡੀਐੱਮ ਗੋਪਾਲ ਸਿੰਘ, ਡਾਇਰੈਕਟਰ ਜਨਰਲ ਸਾਇੰਸ ਸਿਟੀ ਡਾ. ਨੀਲਿਮਾ ਜੈਰਥ, ਡਾਇਰੈਕਟਰ ਸਾਇੰਸ ਸਿਟੀ ਡਾ. ਰਾਜੇਸ਼ ਗਰੋਵਰ, ਪੀਆਰਓ ਸਾਇੰਸ ਸਿਟੀ ਅਸ਼ਨੀ ਕੁਮਾਰ, ਡੀਈਓ ਸਰਬਜੀਤ ਸਿੰਘ ਤੂਰ, ਜੀਐੱਮ (ਪੀਆਰਟੀਸੀ) ਜਤਿੰਦਰ ਪਾਲ ਸਿੰਘ ਗਰੇਵਾਲ ਹਾਜ਼ਰ ਸਨ।
ਪੰਜਾਬ ਖੇਡ ਮੇਲੇ ਦਾ ਆਗਾਜ਼ 29 ਤੋਂ
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਮੇਜਰ ਧਿਆਨ ਚੰਦ ਦੇ ਜਨਮ ਦਿਨ ’ਤੇ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਜਲੰਧਰ ਤੋਂ ਪੰਜਾਬ ਖੇਡ ਮੇਲੇ ਦਾ ਆਗਾਜ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਮੁਕਾਬਲੇ ਬਲਾਕ ਤੋਂ ਸੂਬਾ ਪੱਧਰ ਤੱਕ ਕਰਵਾਏ ਜਾਣਗੇ ਜਿਸ ਲਈ ਆਨਲਾਈਨ ਰਜਿਸਟ੍ਰੇਸ਼ਨ ਜਲਦ ਸ਼ੁਰੂ ਹੋਵੇਗੀ।