ਨਿਜੀ ਪੱਤਰ ਪ੍ਰੇਰਕ
ਸੰਗਰੂਰ, 13 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 14 ਦਸੰਬਰ ਨੂੰ ਸੰਗਰੂਰ ਹਲਕੇ ’ਚ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਲਈ ਪਹੁੰਚ ਰਹੇ ਹਨ। ਲੋਕ ਨਿਰਮਾਣ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੰਗਲਵਾਰ ਦਾ ਦਿਨ ਸੰਗਰੂਰ ਹਲਕੇ ਲਈ ਬਹੁਤ ਹੀ ਯਾਦਗਾਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਚੰਨੀ ਸਵੇਰੇ 10.30 ਵਜੇ ਪਿੰਡ ਦੇਹ ਕਲਾਂ ਵਿਖੇ ਕਰੋੜਾਂ ਦੀ ਲਾਗਤ ਵਾਲੇ ਸੀਮਿੰਟ ਪਲਾਂਟ ਦਾ ਨੀਂਹ ਪੱਥਰ ਰੱਖਣਗੇ । ਇਸ ਤੋਂ ਬਾਅਦ ਦੁਪਹਿਰ 12 ਵਜੇ ਮੁੱਖ ਮੰਤਰੀ ਪਿੰਡ ਘਾਬਦਾਂ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਾਜੈਕਟ ਦੀ ਵੀ ਸ਼ੁਰੂਆਤ ਕਰਵਾਉਣਗੇ। ਇਸ ਤੋਂ ਬਾਅਦ ਦੁਪਹਿਰ ਇਕ ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਥਾਨਕ ਰਣਬੀਰ ਕਾਲਜ ਵਿਖੇ ਪਹੁੰਚਣਗੇ ਜਿੱਥੇ ਉਹ ਕਿਸਾਨਾਂ ਦੀ ਜਿੱਤ ਨੂੰ ਸਮਰਪਿਤ ਕ੍ਰਿਕਟ ਲੀਗ ਦੀ ਸ਼ੁਰੂਆਤ ਕਰਵਾਉਣਗੇ।