ਪੱਤਰ ਪ੍ਰੇਰਕ
ਲਹਿਰਾਗਾਗਾ, 29 ਸਤੰਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਇਰਾਦੇ ਨਾਲ ਅੱਜ ਇੱਥੇ ਵੱਖ-ਵੱਖ ਸਕੂਲਾਂ ਵਿੱਚ ਬਾਲ ਸੁਰੱਖਿਆ ਅਫ਼ਸਰ ਸਿਮਤਾ ਨੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਟਰੈਫਿਕ ਪੁਲੀਸ ਦੀ ਹਾਜ਼ਰੀ ਵਿੱਚ ਪੰਜਾਬ ਸੇਫ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ। ਉਨ੍ਹਾਂ ਸਕੂਲਾਂ ਪ੍ਰਬੰਧਕਾਂ ਨੂੰ ਵੈਨਾਂ ਵਿੱਚ ਲੋੜੀਂਦੇ ਪ੍ਰਬੰਧ ਪੂਰੇ ਕਰਨ ਲਈ ਕਿਹਾ। ਅਧਿਕਾਰੀ ਨੇ ਕਿਹਾ ਕਿ ਜੇਕਰ ਸਕੂਲ ਪ੍ਰਬੰਧਕ ਵੈਨਾਂ ਸਬੰਧੀ ਨਿਯਮਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਸਕੂਲ ਵੈਨਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ, ਪ੍ਰਦੂਸ਼ਣ, ਬੀਮਾ, ਵੈਨ ਦਾ ਰੰਗ, ਮੈਡੀਕਲ ਕਿੱਟ, ਡਰਾਈਵਰ ਦਾ ਲਾਇੰਸੈਂਸ, ਅੱਗ ਬਝਾਊ ਯੰਤਰ, ਫਿਟਨੈਸ ਸਰਟੀਫਿਕੇਟ ਆਦਿ ਚੈੱਕ ਕੀਤੇ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੂੰ ਵੈਨਾਂ ਦੀ ਸੂਚਨਾ ਅਤੇ ਹਲਫੀਆ ਬਿਆਨ ਦੀ ਰਿਪੋਰਟ 20 ਸਤੰਬਰ ਤੱਕ ਭਰ ਕੇ ਦਫ਼ਤਰ ਭੇਜਣ ਲਈ ਪੱਤਰ ਜਾਰੀ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਬਹੁਤੇ ਸਕੂਲਾਂ ਨੇ ਅਜੇ ਤੱਕ ਆਪਣੀ ਰਿਪੋਰਟ ਦਫ਼ਤਰ ਨੂੰ ਨਹੀਂ ਭੇਜੀ।