ਹਰਦੀਪ ਸਿੰਘ ਸੋਢੀ
ਧੂਰੀ, 3 ਜੁਲਾਈ
ਰੇਲਗੱਡੀ ਰਾਹੀਂ ਅਮਰਨਾਥ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਨਾਉਣ ਦੇ ਮਕਸਦ ਨਾਲ ਜੀ.ਆਰ.ਪੀ. ਪੁਲੀਸ ਵੱਲੋਂ ਡੀ.ਐੱਸ.ਪੀ. ਜਗਮੋਹਨ ਸਿੰਘ ਦੀ ਦੇਖ-ਰੇਖ ਹੇਠ ਅੱਜ ਇੱਥੇ ਰੇਲਵੇ ਸਟੇਸ਼ਨ ਅਤੇ ਜੰਮੂ ਜਾਣ ਵਾਲੀ ਰੇਲਗੱਡੀ ਦੀ ਚੈਕਿੰਗ ਕੀਤੀ ਗਈ। ਜੀ.ਆਰ.ਪੀ ਸੰਗਰੂਰ ਦੇ ਐੱਸ.ਐੱਚ.ਓ. ਜਗਜੀਤ ਸਿੰਘ ਨੇ ਦੱਸਿਆ ਕਿ ਜੀ.ਆਰ.ਪੀ ਦੇ ਏਡੀਜੀਪੀ ਐੱਮ.ਐੱਫ ਫਾਰੂਖੀ ਦੀਆਂ ਹਦਾਇਤਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਅਮਰਨਾਥ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰੇਲਗੱਡੀ ਰਾਹੀਂ ਅਮਰਨਾਥ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਚੈਕਿੰਗ ਕੀਤੀ ਗਈ ਹੈ ਅਤੇ ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਜਾਂ ਸਾਮਾਨ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਚੈਕਿੰਗ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਜੀ.ਆਰ.ਪੀ ਚੌਕੀ ਧੂਰੀ ਦੇ ਇੰਚਾਰਜ ਪਰਮਿੰਦਰ ਸਿੰਘ ਤੇ ਸਹਾਇਕ ਥਾਣੇਦਾਰ ਰਣਧੀਰ ਸਿੰਘ ਵੀ ਹਾਜ਼ਰ ਸਨ।