ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 29 ਮਈ
ਸਥਾਨਕ ਸ਼ਹਿਰ ਵਿੱਚ ਸਥਿਤ ਕੁਝ ਆਰ.ਐਮ.ਪੀ. ਕਲੀਨਿਕਾਂ ਵਿੱਚ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਨਾਇਬ ਤਹਿਸੀਲਦਾਰ ਮਾਲੇਰਕੋਟਲਾ ਖੁਸ਼ਿਵੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਨੇ ਵੱਖ-ਵੱਖ ਕਲੀਨਿਕਾਂ ਦੀ ਚੈਕਿੰਗ ਕੀਤੀ। ਇੱਥੋਂ ਦੇ ਐਸਡੀਐਮ ਟੀ. ਬੈਨਿਥ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਮਾਲੇਰਕੋਟਲਾ ਸ਼ਹਿਰ ਵਿੱਚ ਸਥਿਤ ਕੁਝ ਕਲੀਨਿਕਾਂ ਉੱਪਰ ਲੋੜ ਤੋਂ ਵੱਧ ਭੀੜ ਇਕੱਠੀ ਹੁੰਦੀ ਹੈ। ਅਜਿਹਾ ਕਰਕੇ ਇਨ੍ਹਾਂ ਕਲੀਨਿਕਾਂ ਦੇ ਪ੍ਰਬੰਧਕ, ਪੰਜਾਬ ਸਰਕਾਰ ਵੱਲੋਂ ਸਮਾਜਿਕ ਦੂਰੀ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ੀ ਵਿਸ਼ੇਸ਼ ਟੀਮ ਬਣਾਈ ਗਈ ਸੀ। ਅੱਜ ਇਸ ਟੀਮ ਨੇ ਮਾਲੇਰਕੋਟਲਾ ਸ਼ਹਿਰ ਵਿੱਚ ਕਮਲ ਸਿਨੇਮਾ ਰੋਡ, ਨੇੜੇ ਵੱਡੀ ਮਸਜਿਦ, ਕਿਲ੍ਹਾ ਰਹਿਮਤਗੜ੍ਹ, ਨੇੜੇ ਰਾਏਕੋਟ ਬ੍ਰਿਜ, 786 ਚੋਕ, ਨੇੜੇ ਧੋਬਘਾਟ, ਨੇੜੇ ਅਰਹਿੰਤ ਸਪੀਨਿੰਗ ਮਿਲ ਅਤੇ ਅਲ-ਫਲਾਹ ਸਕੂਲ ਦੇ ਨੇੜੇ ਵੱਖ-ਵੱਖ ਕਲੀਨਿਕਾਂ ਦੀ ਅਚਨਚੇਤ ਚੈਕਿੰਗ ਕੀਤੀ।