ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਅਗਸਤ
ਜ਼ਿਲ੍ਹੇ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨ ਅਤੇ ਨਵੀਆਂ ਲਾਇਬ੍ਰੇਰੀਆਂ ਸਥਾਪਤ ਕਰਨ ਦੇ ਮੰਤਵ ਨਾਲ ਰਾਇਸੀਲਾ ਗਰੁੱਪ ਵਲੋਂ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੂੰ 30 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ। ਇਸ ਮੌਕੇ ਰਾਇਸੀਲਾ ਗਰੁੱਪ ਦੇ ਸੀਐੱਮਡੀ ਤੇ ਸੰਗਰੂਰ ਇੰਡਸਟਰੀ ਚੈਂਬਰ ਦੇ ਚੇਅਰਮੈਨ ਡਾ. ਏਆਰ ਸ਼ਰਮਾ, ਉਪ ਚੇਅਰਮੈਨ ਘਣਸ਼ਿਆਮ ਕਾਂਸਲ ਮੌਜੂਦ ਸਨ। ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਕਿਹਾ ਕਿ ਇਸ ਰਾਸ਼ੀ ਨਾਲ ਸੰਗਰੂਰ ਜ਼ਿਲ੍ਹੇ ਵਿੱਚ ਸਿਹਤ ਤੇ ਸਿੱਖਿਆ ਸਹੂਲਤਾਂ ਵਿਚ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਰੂਰ ਇੰਡਸਟਰੀ ਚੈਂਬਰ ਨੇ ਹਮੇਸ਼ਾ ਹੀ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਹੈ। ਚੇਅਰਮੈਨ ਡਾ .ਏ.ਆਰ.ਸ਼ਰਮਾ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਸਹੂਲਤਾਂ ’ਚ ਰਾਇਸੀਲਾ ਗਰੁੱਪ ਅਤੇ ਇੰਡਸਟਰੀ ਚੈਂਬਰ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਤਹਿਤ ਨਵੀਆਂ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਅਤੇ ਹੋਮੀ ਭਾਬਾ ਕੈਂਸਰ ਹਸਪਤਾਲ ਵਿੱਚ ਵੀ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ। ਉਪ ਚੇਅਰਮੈਨ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਇੰਡਸਟਰੀ ਚੈਂਬਰ ਅਜਿਹੇ ਨੇਕ ਕੰਮਾਂ ਨੂੰ ਸਮਰਪਿਤ ਹੈ ਅਤੇ ਰਹੇਗਾ।