ਰਮੇਸ਼ ਭਾਰਦਵਾਜ
ਲਹਿਰਾਗਾਗਾ, 5 ਅਕਤੂਬਰ
ਲਹਿਰਾਗਾਗਾ ਸੂਬੇ ਦੀ 75ਵੀਂ ਸਬ ਡਿਵੀਜ਼ਨ ਹੋਣ ਦੇ ਬਾਵਜੂਦ ਇਲਾਜ ਲਈ ਸਿਵਲ ਹਸਪਤਾਲ ਦੀ ਥਾਂ ਕਮਿਊਨਿਟੀ ਸਿਹਤ ਕੇਂਦਰ ਹੀ ਕਾਰਜਸ਼ੀਲ ਹੈ ਜੋ ਮਹਿਜ਼ ਰੈਫਰਲ ਸੈਂਟਰ ਬਣ ਕੇ ਰਹਿ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਤੇ ਸਿੱਖਿਆ ਸਹੂਲਤਾਂ ਦੇਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ ਅਤੇ ਸਰਕਾਰ ਦੇ ਦਾਅਵਿਆਂ ਦੀਆਂ ਧੱਜੀਆਂ ਉਡਾਉਂਦੀ ਨਜ਼ਰ ਆਉਂਦੀ ਹੈ। ਹਸਪਤਾਲ ਵਿਖੇ ਮਾਹਿਰ ਡਾਕਟਰਾਂ ਦੀਆਂ 4 ਪੋਸਟਾਂ ਵਿਚੋਂ 4 ਹੀ ਖਾਲੀ ਹਨ ਅਤੇ 5 ਮੈਡੀਕਲ ਅਫ਼ਸਰਾਂ ਵਿਚੋਂ 2 ਖਾਲੀ ਹਨ, ਫਾਰਮੇਸੀ ਅਫਸਰ ਦੀ ਪੋਸਟ ਵੀ ਡੈਪੂੂਟੇਨ ਨਾਲ ਭਰੀ ਹੈ। ਹਸਪਤਾਲ ਅੰਦਰ ਸ਼ਾਮ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਐਮਰਜੈਂਸੀ ਸੇਵਾਵਾਂ ਠੱਪ ਪਈਆਂ ਹਨ। ਹਸਪਤਾਲ ਦੀ ਓਪੀਡੀ 100 ਤੋਂ ਵਧ ਰੋਜ਼ ਦੀ ਹੈ। ਬੀਤੀ ਰਾਤ ਕਰੀਬ 10 ਵਜੇ ਵਾਰਡ ਨੰਬਰ 11 ਦੀ ਕੌਂਸਲਰ ਸ੍ਰੀਮਤੀ ਸੁਦੇਸ਼ ਰਾਣੀ ਆਪਣੇ ਪਤੀ ਰਤਨ ਸ਼ਰਮਾ ਨਾਲ ਵਾਰਡ ਦੇ ਇਕ ਨੌਜਵਾਨ ਮਨੀਸ਼ ਕੁਮਾਰ ਪੁੱਤਰ ਹਰਮੇਸ਼ ਕੁਮਾਰ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿੱਚ ਲੈ ਕੇ ਆਏ ਪਰ ਮੌਕੇ ’ਤੇ ਕੋਈ ਡਾਕਟਰ ਨਾ ਹੋਣ ਕਾਰਨ ਨੌਜਵਾਨ ਦਾ ਇਲਾਜ ਨਹੀਂ ਹੋ ਸਕਿਆ ਅਤੇ ਉਸ ਨੂੰ ਰੈਫਰ ਕਰ ਦਿੱਤਾ ਗਿਆ। ਪਰ ਹਾਲਤ ਗੰਭੀਰ ਹੋਣ ਕਾਰਨ ਉਸ ਦੀ ਰਸਤੇ ਵਿੱਚ ਮੌਤ ਹੋ ਗਈ। ਸਬ ਡਿਵੀਜਨ ਹਸਪਤਾਲ ’ਚ 14 ਡਾਕਟਰ ਨਿਯੁਕਤ ਹੁੰਦੇ ਹਨ । ਪਰ ਸੀਐਚਸੀ ਅੱਧਾ ਸਟਾਫ ਤੇ ਡਾਕਟਰ ਦੇਣ ਦੀ ਸੁਵਿਧਾ ਹੈ। ਇਥੇ ਪੋਸਟ ਮਾਟਰਮ, ਬਲੱਡ ਬੈਂਕ, ਅਲਟਰਾਸਾਊਡ ਦੀ ਕੋਈ ਸਹੂਲਤ ਨਹੀਂਂ ਹੈ। ਆਪ ਪਾਰਟੀ ਦੇ ਸੀਨੀਅਰ ਆਗੂ ਦੀਪਕ ਜੈਨ ਨੇ ਮੰਗ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਦੇਰੀ ਤੋਂ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿਚ ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇ ਅਤੇ ਐਮਰਜੈਂਸੀ ਸੇਵਾਵਾਂ ਬਹਾਲ ਕੀਤੀਆਂ ਜਾਣ।
ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ: ਐੱਸਐੱਮਓ
ਐੱਸਐੱਮਓ ਡਾ. ਸੰਜੇ ਬਾਂਸਲ ਨੇ ਕਿਹਾ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਕਾਰਨ ਐਮਰਜੈਂਸੀ ਸੇਵਾਵਾਂ ਠੱਪ ਹਨ। ਦੋ ਡਾਕਟਰ ਐਮਡੀ ਤੇ ਇੱਕ ਨੌਕਰੀ ਛੱਡਕੇ ਵਿਦੇਸ਼ ਜਾਣ ਕਰਕੇ ਜੋ ਡਾਕਟਰ ਸੇਵਾਵਾਂ ਨਿਭਾਅ ਰਹੇ ਹਨ , ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ 24 ਘੰਟੇ ਡਿਊਟੀ ਨਹੀਂ ਕਰ ਸਕਦੇ ਜਿਸ ਦੇ ਚੱਲਦੇ ਮਜਬੂਰੀਵੱਸ ਐਮਰਜੈਂਸੀ ਸੇਵਾਵਾਂ ਨੂੰ ਠੱਪ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੀਤੀ ਰਾਤ ਨੌਜਵਾਨ ਦੀ ਮੌਤ ਹੋਣ ਦੀ ਕੋਈ ਜਾਣਕਾਰੀ ਨਹੀਂ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਬਾਰੇ ਜਿੱਥੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਲਿਖਿਆ ਗਿਆ ਹੈ, ਉਥੇ ਹਲਕਾ ਵਿਧਾਇਕ ਦੇ ਧਿਆਨ ਵਿੱਚ ਵੀ ਉਕਤ ਮਾਮਲਾ ਕਈ ਵਾਰ ਲਿਆਂਦਾ ਜਾ ਚੁੱਕਾ ਹੈ।