ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 19 ਨਵੰਬਰ
ਹਲਕਾ ਸਨੌਰ ਦੇ ਵਿਕਾਸ ’ਤੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਖਰਚੇ ਜਾ ਰਹੇ ਫੰਡਾਂ ਦੇ ਦਾਅਵਿਆਂ ਨੂੰ ਲੈ ਕੇ ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਕਾਂਗਰਸ ਤੋਂ ਸਨੌਰ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਆਹਮੋ-ਸਾਹਮਣੇ ਹੋ ਗਏ ਹਨ। ਕਾਂਗਰਸੀ ਨੇਤਾਵਾਂ ਵੱਲੋਂ ਸਨੌਰ ਦੇ ਵਿਕਾਸ ’ਤੇ ਪੰਜਾਬ ਸਰਕਾਰ ਦੇ ਅਰਬਾਂ ਖ਼ਰਚਣ ਦੇ ਦਾਅਵਿਆਂ ਨੂੰ ਅਕਾਲੀ ਵਿਧਾਇਕ ਗੁਮਰਾਹਕੁਨ ਪ੍ਰਚਾਰ ਦੱਸ ਰਹੇ ਹਨ। ਹਲਕਾ ਸਨੌਰ ਦੇ ਕਸਬਾ ਬਹਾਦਰਗੜ੍ਹ ਸਮੇਤ ਅੱਧੀ ਦਰਜਨ ਪਿੰਡਾਂ ’ਚ ਅਕਾਲੀ ਵਰਕਰਾਂ ਨਾਲ਼ ਮੀਟਿੰਗਾਂ ਮੌਕੇ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਸਨੌਰ ਦੇ ਵਿਕਾਸ ਕੰਮ ਮੁੱਖ ਰੂਪ ਵਿਚ ਪਿਛਲੇ ਚਾਰ ਸਾਲਾਂ ਤੋਂ ਕੇਂਦਰ ਸਰਕਾਰ ਦੇ ਵਿੱਤ ਕਮਿਸ਼ਨਾਂ ਅਤੇ ਕੇਂਦਰੀ ਯੋਜਨਾਵਾਂ ’ਤੇ ਆਧਾਰਿਤ ਫੰਡਾਂ ਦੇ ਸਹਾਰੇ ਹੀ ਚੱਲ ਰਹੇ ਹਨ। ਕੇਂਦਰ ਵੱਲੋਂ ਸਨੌਰ ਲਈ 41 ਕਰੋੜ ਭੇਜਣ ਦਾ ਦਾਅਵਾ ਕਰਦਿਆਂ ਵਿਧਾਇਕ ਨੇ ਦੱਸਿਆ ਕਿ 26 ਕਰੋੜ ਤਾਂ ਪੰਚਾਇਤਾਂ ਦੇ ਖਾਤਿਆਂ ’ਚ ਆ ਵੀ ਚੁੱਕਾ ਹੈ, ਪਰ ਇਸ ਦੇ ਮੁਕਾਬਲੇ ਪੰਜਾਬ ਸਰਕਾਰ ਵੱਲੋਂ 5 ਕਰੋੜ ਵੀ ਨਹੀਂ ਭੇਜੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ 600 ਰੁਪਏ ਪ੍ਰਤੀ ਵਿਅਕਤੀ ਦੀ ਅਬਾਦੀ ਦੇ ਹਿਸਾਬ ਨਾਲ ਬਣਦੀ ਰਾਸ਼ੀ ਵੀ ਜਲਦੀ ਖਾਤਿਆਂ ਵਿਚ ਆ ਜਾਵੇਗੀ।
ਵਿਧਾਇਕ ਨੇ ਕਿਹਾ ਕਿ ਕੇਂਦਰ ਦੀ ਤਰ੍ਹਾਂ ਹੀ ਪੰਜਾਬ ਸਰਕਾਰ ਵੀ 41 ਕਰੋੜ ਰੁਪਏ ਭੇਜੇ। ਚੰਦੂਮਾਜਰਾ ਤੋਂ ਚਾਰ ਕੁ ਹਜ਼ਾਰ ਵੋਟਾਂ ਦੇ ਫਰਕ ਨਾਲ਼ ਹਾਰੇ ਸਨੌਰ ਦੇ ਹਲਕਾ ਇੰਚਾਰਜ ਹੈਰੀਮਾਨ ਦਾ ਕਹਿਣਾ ਹੈ ਕਿ ਹਲਕਾ ਵਿਧਾਇਕ ਤਾਂ ਝੂਠ ਦੇ ਸਹਾਰੇ ਹੀ ਰਾਜਨੀਤੀ ਕਰਨ ਦਾ ਆਦੀ ਹੋ ਚੁੱਕਾ ਹੈ। ਹੈਰੀ ਮਾਨ ਨੇ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਨੇ ਹਲਕੇ ਦੀਆਂ ਸੜਕਾਂ ’ਤੇ ਇੱਕ ਅਰਬ ਖਰਚੇ ਹਨ। ਪੰਚਾਇਤਾਂ ਨੂੰ 22 ਕਰੋੜ ਦੀਆਂ ਗਰਾਂਟਾਂ ਦਿੱਤੀਆਂ। ਦਸ ਕਰੋੜ ਨਾਲ਼ ਘੱਗਰ ’ਤੇ ਸ਼ੇਖੂਪੁਰ ਕੋਲ਼ ਪੁਲ਼ ਲਾਇਆ ਜਾ ਰਿਹਾ ਹੈ। ਮੀਆਂਪੁਰ ਚੋਅ ’ਤੇ ਵੀ ਵੱਡੇ ਬਜਟ ਨਾਲ਼ ਦੋ ਪੁਲ਼ਾਂ ਦੀ ਉਸਾਰੀ ਹੋਵੇਗੀ। ਪੰਜ ਕਰੋੜ ਫੋਕਲ ਪੁਆਇੰਟ ’ਤੇ ਜਦਕਿ ਦਸ ਕਰੋੜ ਇਕੱਲੇ ਸਨੌਰ ਸ਼ਹਿਰ ’ਚ ਖਰਚੇ ਗਏ ਹਨ। ਪੰਚਾਇਤ ਸਮਿਤੀ ਸਨੌਰ ਦੇ ਚੇਅਰਮੇਨ ਅਸ਼ਵਨੀ ਬੱਤਾ ਦਾ ਕਹਿਣਾ ਸੀ ਕਿ ਅਮਰਿੰਦਰ ਸਰਕਾਰ ਵੱਲੋਂ ਪੰਜ ਹਜ਼ਾਰ ਕਰੋੜ ਦੇ ਮੁਆਫ਼ ਕੀਤੇ ਕਰਜ਼ਿਆਂ ਦੌਰਾਨ ਹਲਕਾ ਸਨੌਰ ’ਚ ਵੀ 50 ਕਰੋੜ ਦੇ ਕਰਜ਼ਿਆਂ ਦੀ ਮੁਆਫ਼ੀ ਹੋਈ।