ਖੇਤਰੀ ਪ੍ਰਤੀਨਿਧ
ਧੂਰੀ, 2 ਦਸੰਬਰ
ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਹੋਰ ਕਿਸਾਨੀ ਮੰਗਾਂ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਕੋਲ ਟੌਲ ਪਲਾਜ਼ਾ ਕੋਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਦਰਸ਼ਨ ਸਿੰਘ ਕਿਲ੍ਹਾ ਹਕੀਮਾਂ ਦੀ ਅਗਵਾਈ ਹੇਠ 426ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕੇਂਦਰ ਸਰਕਾਰ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਮੰਗਾਂ ਨਹੀਂ ਮੰਨਦੀ ਉੰਨਾ ਚਿਰ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕੇਂਦਰ ਸਰਕਾਰ ਕਿਸਾਨਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਵਿੱਚ ਨਹੀਂ ਫਸਣਗੇ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਸੁਖਜੀਤ ਸਿੰਘ ਲੱਡਾ, ਰਾਮ ਸਿੰਘ ਕੱਕੜਵਾਲ, ਗੁਰਮੀਤ ਕੌਰ ਬੇਨੜਾ, ਹਮੀਰ ਸਿੰਘ, ਅਜੈਬ ਸਿੰਘ ਪੁੰਨਾਵਾਲ, ਕੁਲਵਿੰਦਰ ਕੌਰ ਲੱਡਾ, ਹਰਬੰਸ ਸਿੰਘ ਪੇਧਨੀ ਤੇ ਹੋਰ ਕਿਸਾਨ ਹਾਜ਼ਰ ਸਨ।
ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਲਹਿਰਾਗਾਗਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਫੈਸਲਾ ਕੀਤਾ ਕਿ ਕਣਕ ਦੀ ਬਿਜਾਈ ਹੋ ਚੁੱਕੀ ਹੈ ਹੁਣ ਉਹ ਮੋਰਚੇ ਵਿਚ ਜਾ ਰਹੇ ਹਨ। ਜਿੰਨਾਂ ਸਮਾਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਮੋਰਚੇ ਵਿੱਚ ਡਟੇ ਰਹਿਣਗੇ। ਇਥੇ ਲਹਿਲ ਖੁਰਦ ਪਿੰਡ ਕੈਂਚੀਆਂ ਨੇੜੇ ਰਿਲਾਇੰਸ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਿਸਾਨੀ ਮੰਗਾਂ ਸਬੰਧੀ ਪੱਕਾ ਮੋਰਚਾ ਅੱਜ 427ਵੇਂ ਦਿਨ ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਮਿੰਦਰ ਸਿੰਘ ਘੋੜੇਨਬ , ਬਲਕਾਰ ਸਿੰਘ ਬਖੋਰਾ,ਰਾਜ ਸਿੰਘ ਖੰਡੇਬਾਦ, ਜਗਦੇਵ ਸਿੰਘ ਖੋਖਰ,ਪ੍ਰੀਤਮ ਸਿੰਘ ਲਹਿਲ ਕਲਾ, ਕਰਮਜੀਤ ਕੌਰ, ਬਲਜੀਤ ਕੌਰ ਲਹਿਲ ਕਲਾ, ਜਸਵੀਰ ਕੌਰ ਲਹਿਲ ਕਲਾ, ਚਰਨਜੀਤ ਕੌਰ ਬਖੋਰਾ ਖ਼ੁਰਦ ਆਦਿ ਬੁਲਾਰਿਆਂ ਨੇ ਸਰਕਾਰ ਅਤੇ ਗੋਦੀ ਮੀਡੀਆ ਵੱਲੋਂ ਸੋਸ਼ਲ ਮੀਡੀਆ ਅਤੇ ਟੈਲੀਵੀਜ਼ਨਾ ਉੱਤੇ ਫੈਲਾਈਆਂ ਜਾ ਰਹੀਆਂ ਸੰਘਰਸ਼ ਖਤਮ ਹੋਣ ਦੀਆਂ ਅਫਵਾਹਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਮੋਰਚੇ ਦਿੱਲੀ ਦੀਆਂ ਹੱਦਾਂ ਉੱਤੇ ਅਤੇ ਪੰਜਾਬ ਵਿੱਚ ਉਸੇ ਤਰ੍ਹਾਂ ਪੂਰੇ ਜੋਸ਼ ਖਰੋਸ਼ ਨਾਲ ਜਾਰੀ ਹਨ। ਬੇਸ਼ੱਕ ਖੇਤੀ ਵਿਰੋਧੀ ਕਾਨੂੰਨ ਰੱਦ ਹੋ ਚੁੱਕੇ ਹਨ ਪਰੰਤੂ ਕਿਸਾਨਾਂ ਦੀਆਂ ਮੰਗਾਂ ਉਸੇ ਤਰ੍ਹਾਂ ਪਈਆਂ ਹਨ, ਕੋਈ ਵੀ ਮੰਗ ਸਰਕਾਰ ਵੱਲੋਂ ਨਹੀਂ ਮੰਨੀ ਗਈ। ਉਨ੍ਹਾਂ ਕਿਹਾ ਕਿ ਚਾਰ ਦਸੰਬਰ ਨੂੰ ਹੋਣ ਵਾਲੀ ਸਯੁੰਕਤ ਮੋਰਚੇ ਦੀ ਮੀਟਿੰਗ ਤੋਂ ਬਾਅਦ ਜੋ ਐਲਾਨ ਹੋਵੇਗਾ ਉਸ ਉੱਤੇ ਪਹਿਰਾ ਦਿੱਤਾ ਜਾਵੇਗਾ।