ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਅਪਰੈਲ
ਇੱਥੇ ਰਿਲਾਇੰਸ ਪੰਪ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪੱਕਾ ਮੋਰਚਾ ਅੱਜ 209ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਇਸ ਸਮੇਂ ਕਿਸਾਨ ਅਤੇ ਕਿਸਾਨ ਔਰਤਾਂ ਬੱਚੇ ਬੁੱਢੇ ਨੌਜਵਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ। ਧਰਨੇ ਨੂੰ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ, ਉੱਪ ਪ੍ਰਧਾਨ ਜਸਵਿੰਦਰ ਸਿੰਘ ਸੂਬਾ ਸੰਗਤਪੁਰਾ ਆਦਿ ਕਿਸਾਨ ਨੇਤਾਵਾਂ ਨੇ ਸੰਬੋਧਨ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਅੰਦੋਲਨ ਨਿਰੋਲ ਕਿਸਾਨੀ ਅੰਦੋਲਨ ਹੈ। ਕਿਸਾਨੀ ਧਰਮ ਦੀ ਦੁਨੀਆਂ ਦੇ ਸਾਰੇ ਧਰਮਾਂ ਤੋਂ ਅਲੱਗ ਪਰਿਭਾਸ਼ਾ ਹੈ। ਇਸ ਧਰਮ ਵਿਚ ਦੁਨੀਆਂ ਦੇ ਹਰ ਧਰਮ ਦੇ ਲੋਕਾਂ ਦੀ ਸ਼ਮੂਲੀਅਤ ਹੈ। ਕਿਸਾਨ ਅੰਦੋਲਨ ਨੂੰ ਭਾਜਪਾ ਸਰਕਾਰ ਕਿਸੇ ਇੱਕ ਧਰਮ, ਫ਼ਿਰਕੇ, ਵਿਅਕਤੀ ਵਿਸ਼ੇਸ਼ ਵਿਚ ਵੰਡ ਕੇ ਦੇਸ਼ ਦੇ ਕਿਸਾਨ ਨੂੰ ਜ਼ਮੀਨ ਵਿਹੂਣਾ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿਚ ਅੱਜ ਦੁਨੀਆਂ ਦੇ ਹਰ ਵਰਗ, ਹਰ ਧਰਮ ਦੇ ਲੋਕ ਸ਼ਾਮਲ ਹਨ, ਪਰ ਦੇਸ਼ ਦੀ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਦੁਸ਼ਵਾਰੀਆਂ ਉੱਪਰ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਿਸਾਨੀ ਅੰਦੋਲਨ ਨੂੰ ਫ਼ਿਰਕੂ ਰੰਗਤ ਦੇਣ ਲਈ ਨੌਜਵਾਨਾਂ ਨੂੰ ਖ਼ਾਲਿਸਤਾਨੀ, ਕਾਮਰੇਡ, ਨਕਸਲੀ, ਮਾਓਵਾਦੀ ਤੇ ਟੁਕੜੇ ਟੁਕੜੇ ਗੈਂਗ ਆਦਿ ਪ੍ਰਚਾਰ ਕੇ ਥਿੜਕਾਉਣਾ ਚਾਹੁੰਦੀ ਹੈ। ਇਸ ਤੋਂ ਜਥੇਬੰਦੀ ਦੇ ਆਗੂਆਂ ਨੂੰ ਪੂਰੀ ਤਰ੍ਹਾਂ ਚੌਕਸ ਅਤੇ ਸਾਵਧਾਨ ਰਹਿਣ ਦੀ ਲੋੜ ਹੈ।