ਸਰਬਜੀਤ ਸਿੰਘ ਭੰਗੂ
ਸਨੌਰ, 20 ਫਰਵਰੀ
ਆਮ ਆਦਮੀ ਪਾਰਟੀ ਹਲਕਾ ਸਨੌਰ ਦੀ ਟੀਮ ਵੱਲੋਂ ਅੱੱਜ ਅਨਾਜ ਮੰਡੀ ਦੇਵੀਗੜ੍ਹ ਵਿੱਚ ਕਿਸਾਨੀ ਘੋਲ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ। ਇਸ ਦੌਰਾਨ 113 ਯੂਨਿਟ ਖੂਨਦਾਨ ਕੀਤਾ ਗਿਆ। ‘ਆਪ’ ਆਗੂ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਵਿਚ ਲੱਗੇ ਇਸ ਕੈਂਪ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਚੀਮਾ ਨੇ ਕਿਸਾਨਾਂ ਦੀ ਦੁਰਦਸ਼ਾ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬਰਾਬਰ ਦੀਆਂ ਜ਼ਿੰਮੇਵਾਰ ਗਰਦਾਨਿਆ। ਦਸੂਹਾ ਵਿਚ ਵਾਪਰੀ ਆਤਮਦਾਹ ਦੀ ਘਟਨਾ ਲਈ ਤਾਂ ਉਨ੍ਹਾਂ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਧਾਰਾ 306 ਤਹਿਤ ਕੇਸ ਦਰਜ ਕਰਨ ਦੀ ਮੰੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਕਰਜ਼ੇ ਕਾਰਨ ਵੱਡੀ ਗਿਣਤੀ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਤੇ ਸਰਕਾਰ ਦੇ ਸਿਰ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਸਰਕਾਰ ਨੂੰ ਦਲਿਤ ਵਿਰੋਧੀ ਗਰਦਾਨਿਆ।
ਕੇੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਨਵੇਂ ਲਿਆਂਦੇ ਗਏ ਕਾਨੂੰਨਾ ਨੂੰ ਰੱਦ ਕਰਵਾਓਣ ਲਈ ਦਿੱਲੀ ਦੀਆਂ ਹੱਦਾਂ ‘ਤੇ ਧਰਨੇ ਮਾਰੀਂ ਬੈਠੇ ਕਿਸਾਨਾ, ਮਜਦੂਰਾਂ ਅਤੇ ਹੋਰਨਾਂ ਵਰਗਾਂ ਨੂੰ ਸਿਜਦਾ ਕਰਦਿਆਂ, ਚੀਮਾ ਨੇ ਇਸ ਅੰਦੋਲਨ ਦੌਰਾਨ ਜਾਨਾ ਗਵਾਓਣ ਵਾਲ਼ਿਆਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ। ਚੀਮਾ ਦਾ ਕਹਿਣਾ ਸੀ ਕਿ ਇਹ ਅੰਦੋਲਨ ਹੁਣ ਕਿਸੇ ਦੇਸ਼ ਵਿਆਪੀ ਹੋ ਚੁੱਕਾ ਹੈ। ਜਿਸ ਕਰਕੇ ਦੇਸ਼ ਦੀ ਹਕੂਮਤ ਨੂੰ ਚਾਹੀਦਾ ਹੈ ਕਿ ਹਠ ਤਿਆਗਦਿਆਂ, ਇਹ ਕਾਨੂੰਨ ਵਾਪਸ ਲੈ ਕੇ ਆਪਣੀ ਗਲਤੀ ਸੁਧਾਰੇ।
ਵਿਸੇਸ਼ ਮਹਿਮਾਨ ਵਜੋਂ ਪੁੱਜੇ ‘ਆਪ’ ਆਗੂ ਮਾਸਟਰ ਬਲਦੇਵ ਸਿੰਘ ਜੈਤੋਂ ਨੇ ਵੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਰੱਜ ਕੇ ਕੋਸਿਆ। ਇਸ ਮੌਕੇ ਇੰਦਰਜੀਤ ਸੰਧੂ, ਸ਼ੇਰ ਸਿੰਘ, ਬਲਦੇਵ ਦੇਵੀਗੜ੍ਹ, ਗੁਰਮੁਖ ਗੁਰੂ, ਜਸਪਾਲ ਜੋਸਨ, ਬੰਤ ਸਿੰਘ ਬਲਬੇੜਾ ਆਦਿ ਵੀ ਹਾਜ਼ਰ ਸਨ।ਚੀਮਾ।