ਪੱਤਰ ਪ੍ਰੇਰਕ
ਸੰਦੌੜ, 28 ਸਤੰਬਰ
ਗੁਰੂ ਹਰਿ ਰਾਏ ਮਾਡਲ ਸਕੂਲ ਝੁਨੇਰ ਵਿਚ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਵਿਦਿਆਰਥੀਆਂ ਦੇ ਕਵਿਤਾਵਾਂ ਤੇ ਭਾਸ਼ਣ ਮੁਕਾਬਲੇ ਕਰਵਾਏ। ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਰਮਨਦੀਪ ਕੌਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਪ੍ਰਿੰਸੀਪਲ ਊਸ਼ਾ ਰਾਣੀ ਨੇ ਭਗਤ ਸਿੰਘ ਦੇ ਜੀਵਨ ਅਤੇ ਦੇਸ਼ ਲਈ ਦਿੱਤੀ ਕੁਰਬਾਨੀ ਬਾਰੇ ਜਾਣਕਾਰੀ ਦਿੱਤੀ।
ਚੀਮਾ ਮੰਡੀ (ਪੱਤਰ ਪ੍ਰੇਰਕ): ਮਾਡਰਨ ਕਾਲਜ ਆਫ਼ ਐਜੂਕੇਸ਼ਨ ਬੀਰ ਕਲਾਂ ਵਿੱਚ ਕਾਲਜ ਦੇ ਚੇਅਰਮੈਨ ਰਵਿੰਦਰ ਬਾਂਸਲ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਪਹਿਲਾਂ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲਮਾਲਾ ਭੇਟ ਕੀਤੀਆਂ ਗਈਆਂ। ਪ੍ਰਿੰਸੀਪਲ ਡਾ. ਵੀਕੇ ਰਾਏ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋਫੈਸਰ ਨਵਜੋਤ ਕੌਰ ਨੇ ਭਗਤ ਸਿੰਘ ਦੇ ਜੀਵਨ ਸਬੰਧੀ ਵਿਚਾਰ ਪੇਸ਼ ਕੀਤੇ।
ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰਾ, ਸੀਬਾ ਇੰਟਰਨੈਸ਼ਨਲ ਸਕੂਲ ’ਚ ਪ੍ਰਿੰਸੀਪਲ ਅਲੈਗਜੈਂਡਰ ਅਤੇ ਡਾ. ਦੇਵ ਰਾਜ ਡੀਏਵੀ ਸਕੂਲ ਲਹਿਰਾਗਾਗਾ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸਮਨਾਇਆ ਗਿਆ। ਪ੍ਰਿੰਸੀਪਲ ਜਗਦੀਸ਼ ਸਿੰਘ, ਪ੍ਰਿੰਸੀਪਲ ਸੁਖਬੀਰ ਕੌਰ ਦੀ ਅਗਵਾਈ ਵਿੱਚ ਸਮਾਗਮ ਹੋਇਆ। ਲੇਖ ਲਿਖਣ ਦੇ ਮੁਕਾਬਲੇ ਵਿੱਚ ਮਿਡਲ ਵਰਗ ਵਿੱਚ ਜਸਪ੍ਰੀਤ ਕੌਰ ਕਲਾਸ ਨੌਵੀਂ ਅਤੇ ਸੈਕੰਡਰੀ ਵਰਗ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਖੁਸ਼ਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਦੌਰਾਨ ਕੇਸੀਟੀ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਫਤਿਹਗੜ੍ਹ ਵਿੱਚ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵਿਦਿਆਰਥੀਆਂ ਤੇ ਸਟਾਫ਼ ਨਾਲ ਮਿਲ ਕੇ ਪੌਦੇ ਲਾਏ।
ਧੂਰੀ (ਖੇਤਰੀ ਪ੍ਰਤੀਨਿਧ): ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਪ੍ਰਿੰਸੀਪਲ ਡਾ. ਬਾਲ ਕ੍ਰਿਸ਼ਨ ਦੀ ਅਗਵਾਈ ਵਿੱਚ ਐੱਨਐੱਸਐੱਸ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਤਹਿਸੀਲਦਾਰ ਧੂਰੀ ਕੁਲਦੀਪ ਸਿੰਘ ਨੇ ਬਤੌਰ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਵਜ਼ੋਂ ਸ਼ਿਰਕਤ ਕੀਤੀ।ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋ. ਰਜਿੰਦਰ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਐੱਨਐੱਸਐੱਸ ਯੂਨਿਟਾਂ ਦੇ ਪ੍ਰੋਗਰਾਮ ਅਫ਼ਸਰ ਡਾ. ਗਗਨਦੀਪ ਸਿੰਘ ਤੇ ਡਾ. ਊਸ਼ਾ ਰਾਣੀ ਹਾਜ਼ਰ ਸਨ।
ਦੇਵੀਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਨਰਹੇੜੀ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਸਕੂਲ ਇੰਚਾਰਜ ਕੁਲਸ਼ਨ ਸੈਣੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਸਕੂਲ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਲੇਖ, ਪੇਂਟਿੰਗ, ਨਾਟਕ, ਗੀਤ, ਕਵਿਤਾ, ਕੁਇਜ਼ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਉਪਰੰਤ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।
ਜਨਮ ਦਿਹਾੜੇ ਮੌਕੇ ਨਾਟਕ ‘ਗੀਤ ਹੈ ਇਹ ਗੀਤ ਹੈ’ ਖੇਡਿਆ
ਪਟਿਆਲਾ (ਪੱਤਰ ਪ੍ਰੇਰਕ): ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਮੁੱਖ ਦਫ਼ਤਰ ਵਿੱਚ ਸ਼ਹੀਦ ਏ- ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਸੋਹੀਆਂਵਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਭਾਈ ਵੀਰ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਦੇ ਮੁਖੀ ਡਾ. ਹਰਜੋਧ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਚਿੰਤਕ ਡਾ. ਲਕਸ਼ਮੀ ਨਰਾਇਣ ਭੀਖੀ ਨੇ ਵਿਸ਼ੇਸ਼ ਵਕਤਾ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਅਲਮਸਤ ਥੀਏਟਰ ਗਰੁੱਪ ਵੱਲੋਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਪ੍ਰਣਾਇਆ ਗੁਰਪ੍ਰਗਟ ਸਿੰਘ ਦੁਆਰਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਗੀਤ ਹੈ ਇਹ ਗੀਤ ਹੈ’ ਖੇਡਿਆ ਗਿਆ। ਕਮਲਜੀਤ ਟਿੰਮੀ ਤੇ ਵਿਕਾਸ ਨੇ ਗੀਤ ਪੇਸ਼ ਕੀਤੇ। ਇਸ ਮੌਕੇ ਨਾਟਕਕਾਰ ਪ੍ਰਾਣ ਸੱਭਰਵਾਲ, ਹਰਜੀਤ ਕੈਂਥ ਤੇ ਹੋਰ ਸਾਹਿਤਕ ਸ਼ਖ਼ਸੀਅਤਾਂ ਹਾਜ਼ਰ ਸਨ।