ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਜੁਲਾਈ
ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦਪੁਰਾ ਵਿੱਚ ਪ੍ਰਬੰਧਕ ਕਮੇਟੀ ਤੇ ਮਹਿਲਾ ਸਤਿਸੰਗ ਸਭਾ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਦਾ ਆਗਮਨ ਪੁਰਬ ਬੜੀ ਸ਼ਰਧਾ ਨਾਲ ਮਨਾਇਆ। ਇਸ ਸਬੰਧ ਵਿੱਚ ਹੈੱਡ ਗ੍ਰੰਥੀ ਭਾਈ ਭੋਲਾ ਸਿੰਘ ਦੀ ਨਿਗਰਾਨੀ ਹੇਠ ਆਖੰਡ ਪਾਠ ਦੇ ਭੋਗ ਪਾਏ ਗਏ। ਵੱਖ-ਵੱਖ ਗੁਰਦੁਆਰਿਆਂ ਦੇ ਬੀਬੀਆਂ ਦੇ ਜਥਿਆਂ ਨੇ ਕੀਰਤਨ ਕੀਤਾ। ਇਸ ਮੌਕੇ ਆਤਮਰਸ ਕੀਰਤਨ ਦਰਬਾਰ ਵਿੱਚ ਭਾਈ ਸੰਦੀਪ ਸਿੰਘ ਹਜੂਰੀ ਰਾਗੀ, ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ, ਭਾਈ ਸੁਖਰਾਜ ਸਿੰਘ ਹਜ਼ੂਰੀ ਰਾਗੀ ਗੁਰਸਾਗਰ ਮਸਤੂਆਣਾ ਸਾਹਿਬ, ਭਾਈ ਗੁਰਧਿਆਨ ਸਿੰਘ ਗੁਰਦੁਆਰਾ ਗੁਰੂ ਨਾਨਕ ਪੁਰਾ, ਭਾਈ ਅਵਤਾਰ ਸਿੰਘ ਧਨੌਲਾ ਤੇ ਭਾਈ ਸੁਰਿੰਦਰ ਪਾਲ ਸਿੰਘ ਸਿਦਕੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਥਿਆਂ ਨੇ ਰਸਭਿੱਨੇ ਕੀਰਤਨ ਨਾਲ ਸੰਗਤ ਨੂੰ ਮੰਤਰ ਮੁਗਧ ਕੀਤਾ। ਭਾਈ ਭੋਲਾ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਸਬੰਧੀ ਕਥਾ ਵਿਚਾਰ ਕੀਤੀ ਜਦਕਿ ਕਵੀਸ਼ਰ ਭਾਈ ਲਾਭ ਸਿੰਘ ਬਡਬਰ ਵਾਲਿਆਂ ਨੇ ਗੁਰੂ ਸਾਹਿਬ ਬਾਰੇ ਕਵੀਸ਼ਰੀ ਨਾਲ ਹਾਜ਼ਰੀ ਲੁਆਈ। ਇਸ ਮੌਕੇ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਵੱਲੋਂ ਰਾਜਵੀਰ ਸਿੰਘ ਫਤਿਹਗੜ੍ਹ ਛੰਨਾ ਤੇ ਕੁਲਵੰਤ ਸਿੰਘ ਨਾਗਰੀ, ਗੁਰਮੇਲ ਸਿੰਘ, ਗੁਰਜੰਟ ਸਿੰਘ ਰਾਹੀ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਮੁਫ਼ਤ ਧਾਰਮਿਕ ਸਾਹਿਤ ਦਾ ਸਟਾਲ ਲਗਾਇਆ ਗਿਆ। ਰਾਤ ਦੇ ਦੀਵਾਨ ਵਿੱਚ ਭਾਈ ਜੁਝਾਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ ਭਾਈ ਸੰਦੀਪ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ। ਸਮਾਪਤੀ ਮਗਰੋਂ ਮਿੱਸੇ ਪ੍ਰਸ਼ਾਦੇ, ਦਹੀਂ, ਲੱਸੀ ਦਾ ਲੰਗਰ ਅਤੁੱਟ ਵਰਤਿਆ।