ਖੇਤਰੀ ਪ੍ਰਤੀਨਿਧ
ਧੂਰੀ, 24 ਨਵੰਬਰ
ਸਥਾਨਕ ਅਨਾਜ ਮੰਡੀ ਵਿਚ ਕਰਿਆਨੇ ਦੀ ਦੁਕਾਨ ’ਤੇ ਲੁਟੇਰੇ ਦਿਨ ਦਿਹਾੜੇ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰਜਿੰਦਰ ਕੁਮਾਰ ਨੇ ਦੱਸਿਆ ਉਸ ਦੀ ਦੁਕਾਨ ਉੱਪਰ ਦੁਪਹਿਰ ਸਮੇਂ ਦੋ ਜਣਿਆਂ ਨੇ ਕੁਝ ਸਾਮਾਨ ਦੀ ਮੰਗ ਕੀਤੀ। ਉਨ੍ਹਾਂ ਵਿੱਚੋਂ ਇਕ ਨੇ ਉਸ ਨੂੰ ਵੱਖ-ਵੱਖ ਸਾਮਾਨ ਲੈਣ ਵਿੱਚ ਉਲਝਾ ਲਿਆ। ਇਸ ਦੌਰਾਨ ਦੂਜੇ ਮੁਲਜ਼ਮ ਨੇ ਦੁਕਾਨ ਦੇ ਅੰਦਰ ਆ ਕੇ ਉਸ ਦੇ ਗੱਲੇ ਵਿੱਚੋਂ ਕਰੀਬ ਦਸ-ਗਿਆਰਾਂ ਹਜ਼ਾਰ ਦੀ ਨਗਦੀ ਕੱਢ ਲਈ ਅਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਨੇ ਦੋਵਾਂ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਵਿੱਚੋਂ ਇੱਕ ਜਣੇ ਨੇ ਚਾਕੂ ਕੱਢ ਲਿਆ ਤੇ ਦੂਜੇ ਨੇ ਤੇਜ਼ਾਬ ਦੀ ਬੋਤਲ ਕੱਢ ਲਈ। ਉਸ ਨੇ ਦੱਸਿਆ ਇਹ ਘਟਨਾ ਉਸ ਦੀ ਦੁਕਾਨ ’ਤੇ ਲੱਗੇ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਹੈ। ਇਸ ਦੀ ਜਾਣਕਾਰੀ ਉਸ ਨੇ ਪੁਲੀਸ ਨੂੰ ਦੇ ਦਿੱਤੀ ਹੈ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।