ਜਗਤਾਰ ਸਿੰਘ ਨਹਿਲ
ਲੌਂਗੋਵਾਲ, 14 ਜਨਵਰੀ
ਇੱਥੋਂ ਥੋੜੀ ਦੂਰ ਮੰਡੇਰ ਕਲਾਂ ਰੋਡ ’ਤੇ ਇੱਕ ਪੈਟਰੋਲ ਪੰਪ ਤੋਂ ਦੋ ਨਕਾਬਪੋਸ਼ ਕਾਰ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੰਪ ਦੇ ਮਾਲਕ ਬਾਲਕ੍ਰਿਸ਼ਨ ਨੇ ਦੱਸਿਆ ਕਿ ਅਰਚਨਾ ਦੇਵੀ ਫਿਲਿੰਗ ਸਟੇਸ਼ਨ ’ਤੇ ਸ਼ਾਮ ਵੇਲੇ ਸਕੋਡਾ ਕਾਰ ਚਾਲਕ ਤੇਲ ਪਵਾਉਣ ਲਈ ਆਇਆ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਡਰਾਈਵਰ ਵਾਲੀ ਸੀਟ ’ਤੇ ਬੈਠਾ ਰਿਹਾ ਜਦਕਿ ਦੂਜਾ ਵਿਅਕਤੀ ਕਾਰ ’ਚੋਂ ਉੱਤਰ ਕੇ ਦਫ਼ਤਰ ਵਿੱਚ ਆ ਗਿਆ। ਉਸ ਨੇ ਦਫ਼ਤਰ ਵਿੱਚ ਆਉਂਦਿਆਂ ਹੀ ਪਿਸਤੌਲ ਦੀ ਨੋਕ ’ਤੇ ਪਰਸ ਕਢਵਾ ਲਿਆ। ਪਰਸ ’ਚੋਂ ਨਕਦੀ ਕੱਢਣ ਤੋਂ ਬਾਅਦ ਉਹ ਗੱਲੇ ’ਚ ਪਈ ਨਗਦੀ ਲੈ ਕੇ ਫਰਾਰ ਹੋ ਗਿਆ। ਲੁਟੇਰਿਆਂ ਨੇ ਆਪਣੀ ਕਾਰ ਵਿੱਚ 24 ਸੌ ਰੁਪਏ ਦਾ ਤੇਲ ਵੀ ਪਵਾਇਆ ਸੀ ਤੇ ਗੱਲੇ ਵਿੱਚ 15 ਹਜ਼ਾਰ ਰੁਪਏ ਦੇ ਕਰੀਬ ਨਕਦੀ ਖੋਹ ਲਈ।