ਪੱਤਰ ਪ੍ਰੇਰਕ
ਲਹਿਰਾਗਾਗਾ, 10 ਨਵੰਬਰ
ਪੁਲੀਸ ਨੇ ਪਿੰਡ ਬਲਰਾਂ ਦੇ ਸਿੱਖ ਆਗੂ ਨੂੰ ਸਿੱਖਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਣ ਲਈ ਭਗਵੰਤ ਸਿੰਘ ਪੁੱਤਰ ਰਾਮਪਾਲ ਸਿੰਘ ਵਾਸੀ ਚਮਾਰ ਖੇੜੀ ਥਾਣਾ ਸਦਰ ਪਟਿਆਲਾ ਦੀ ਸ਼ਿਕਾਇਤ ’ਤੇ ਧਾਰਾ 295ਏ, 153ਏ ਤੇ 67 ਆਈਟੀ ਐਕਟ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਕੀਤੀ ਹੈ।
ਭਗਵੰਤ ਸਿੰਘ ਨੇ ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ (ਭਗਵੰਤ ਸਿੰਘ) ਕਥਾ ਕੀਰਤਨ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰਦਾ ਹੈ ਤੇ ਹਲਕਾ ਲਹਿਰਾਗਾਗਾ ’ਚ ਕਥਾ ਕਰ ਰਿਹਾ ਹੈ। ਉਸਨੇ ਦੱਸਿਆ ਕਿ ਮਲਕੀਤ ਸਿੰਘ ਬਲਰਾਂ ਨਾਮੀ ਵਿਆਕਤੀ ਇੱਕ ਯੂ ਟਿਊਬ ਚੈਨਲ ’ਤੇ ਆਡੀਓ ਤੇ ਵੀਡੀਓ ਵਾਇਰਲ ਕਰਦਾ ਹੈ ਤੇ ਉਸਨੇ ਹਮੀਰਗੜ੍ਹ ’ਚ ਲੋਕਾਂ ਦੀਆਂ ਭਾਵਨਾਵਾਂ ਤਹਿਤ ਪੈਸੇ ਇਕੱਠੇ ਕਰਕੇ ਕਥਿਤ ਜਾਇਦਾਦ ਬਣਾਈ ਹੈ ਤੇ ਆਪਣੀ ਕੋਠੀ ਨੂੰ ਆਮ ਲੋਕਾਂ ਵਿੱਚ ਸੱਚ ਖੰਡ ਅਕਾਲ ਨਿਵਾਸ ਕਹਿ ਕੇ ਪ੍ਰਚਾਰ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।
ਮੂਨਕ ਪੁਲੀਸ ਨੇ ਭਗਵੰਤ ਸਿੰਘ ਦੀ ਸ਼ਿਕਾਇਤ ’ਤੇ ਮਲਕੀਤ ਸਿੰਘ ਬਲਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਪ ਪੁਲੀਸ ਕਪਤਾਨ ਤੇਜਿੰਦਰ ਸਿੰਘ ਦੀ ਅਗਵਾਈ ’ਚ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।