ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 6 ਮਈ
ਇੱਥੋਂ ਦੀ ਸਿਟੀ ਪੁਲੀਸ ਨੇ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ ਦੋ ਦਿਨਾਂ ਦੌਰਾਨ ਖਰੀਦ ਕੀਤੀ 165500 ਕੁਇੰਟਲ ਕਣਕ ਖੁਰਦ ਬੁਰਦ ਕਰਨ ਦੇ ਦੋਸ਼ ਵਿੱਚ ਇੱਕ ਸਥਾਨਕ ਆੜ੍ਹਤੀਏ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ ਪਰ ਇਸ ਸਬੰਧ ਵਿੱਚ ਕੋਈ ਗ੍ਰਿਫ਼ਤਾਰੀ ਹਾਲੀਂ ਨਹੀਂ ਹੋਈ। ਪਹਿਲੇ ਦਿਨ ਖਰੀਦ ਕੀਤੀ ਕਣਕ ਦੀ ਬਣਦੀ 12,00,800 ਰੁਪਏ ਦੀ ਅਦਾਇਗੀ ਵੀ ਏਜੰਸੀ ਨੇ ਸਬੰਧਤ ਕਿਸਾਨਾਂ ਨੂੰ ਕਰ ਦਿੱਤੀ ਹੈ। ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦੇ ਮੈਨੇਜਰ ਪਰਮਵੀਰ ਮਿੱਤਲ ਵੱਲੋਂ ਐੱਸਡੀਐੱਮ ਅਹਿਮਦਗੜ੍ਹ ਦੇਵ ਦਰਸ਼ਦੀਪ ਸਿੰਘ ਤੇ ਡੀਐੱਸਪੀ ਰਾਜਨ ਸ਼ਰਮਾ ਰਾਹੀਂ ਕੀਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪ੍ਰਿਤਪਾਲ ਸਿੰਘ ਐਂਡ ਸੰਨਜ਼ ਨਾਂ ਦੀ ਆੜ੍ਹਤੀ ਫਰਮ ਦੇ ਮਾਲਕਾਂ ਨੇ ਦੋ ਦਿਨਾਂ ਦੌਰਾਨ ਵੱਖ ਵੱਖ ਕਿਸਾਨਾਂ ਕੋਲੋਂ ਖਰੀਦੀ 1,65,500 ਕੁਇੰਟਲ ਕਣਕ ਖੁਰਦ ਬੁਰਦ ਕਰ ਦਿੱਤੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਸਟੇਟ ਖਰੀਦ ਏਜੰਸੀ ਨੇ ਉਕਤ ਆੜ੍ਹਤੀਆ ਫਰਮ ਰਾਹੀਂ ਵੱਖ ਵੱਖ ਕਿਸਾਨਾਂ ਤੋਂ 18 ਅਪਰੈਲ ਨੂੰ 1216 ਬੋਰੀ ( 60800 ਕੁਇੰਟਲ) ਅਤੇ 20 ਅਪਰੈਲ ਨੂੰ 2094 ਬੋਰੀ (104700 ਕੁਇੰਟਲ ) ਕਣਕ ਦੀ ਖਰੀਦ ਕੀਤੀ ਸੀ ਪਰ ਆੜ੍ਹਤੀਏ ਨੇ ਕਣਕ ਦੀ ਲਿਫਟਿੰਗ ਨਹੀਂ ਕਰਵਾਈ। ਇੱਥੋਂ ਤੱਕ ਕਿ 18 ਅਪਰੈਲ ਨੂੰ ਖਰੀਦ ਕਣਕ ਦੀ ਅਧਿਕਾਰੀਆਂ ਨੇ ਕਿਸਾਨਾਂ ਨੂੰ 12,00,800- ਰੁਪਏ ਰਕਮ ਦੀ ਅਦਾਇਗੀ ਵੀ ਕਰ ਦਿੱਤੀ। ਆੜ੍ਹਤੀ ਵੱਲੋਂ ਗਾਇਬ ਹੋ ਜਾਣ ਤੋਂ ਬਾਅਦ ਪਰਮਵੀਰ ਮਿੱਤਲ ਨੇ ਫਰਮ ਵਿਰੁੱਧ ਦਫਾ 406 ਅਤੇ 120 ਬੀ ਅਧੀਨ ਪਰਚਾ ਦਰਜ ਕਰਵਾ ਦਿੱਤਾ।