ਨਿੱਜੀ ਪੱਤਰ ਪ੍ਰੇਰਕ
ਧੂਰੀ, 19 ਜੁਲਾਈ
ਪਿੰਡ ਬਰੜਵਾਲ ’ਚ ਸਿਹਤ ਵਿਭਾਗ ਹਰਿਆਣਾ ਦੀ ਟੀਮ ਵੱਲੋਂ ਛਾਪਾ ਮਾਰ ਕੇ ਗਰਭਵਤੀ ਔਰਤਾਂ ਦੇ ਭਰੂਣ ਦੀ ਲਿੰਗ ਜਾਂਚ ਕਰਨ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤੀ ਗਈ ਔਰਤ ਤੇ ਉਸਦੇ ਸਾਥੀ ਖ਼ਿਲਾਫ਼ ਸਦਰ ਪੁਲੀਸ ਧੂਰੀ ਨੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਸੰਗਰੂਰ ਦੇ ਪੱਤਰ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਹੈ। ਸੂਤਰਾਂ ਅਨੁਸਾਰ ਇਹ ਔਰਤ ਆਪਣੇ ਇਲਾਕੇ ਤੇ ਪੰਜਾਬ ਦੇ ਹੋਰ ਹਿੱਸਿਆਂ ਤੋਂ ਇਲਾਵਾ ਏਜੰਟਾਂ ਰਾਹੀਂ ਹਰਿਆਣੇ ਤੋਂ ਆਈਆਂ ਗਰਭਵਤੀ ਔਰਤਾਂ ਦੇ ਭਰੂਣ ਦੀ ਲਿੰਗ ਜਾਂਚ ਕਰਕੇ ਮੋਟੀ ਰਕਮ ਲੈਂਦੀ ਸੀ। ਸਿਹਤ ਵਿਭਾਗ ਹਰਿਆਣਾ ਦੀ ਟੀਮ ਨੇ ਇੱਕ ਏਜੰਸੀ ਦੇ ਸਹਿਯੋਗ ਨਾਲ ਗਰਭਵਤੀ ਔਰਤ ਨੂੰ ਭਰੂਣ ਦੀ ਲਿੰਗ ਜਾਂਚ ਕਰਵਾਉਣ ਲਈ ਫ਼ਰਜੀ ਗਾਹਕ ਬਣਾ ਕੇ ਇਸ ਔਰਤ ਕੋਲ ਭੇਜਿਆ ਤੇ ਸਿਹਤ ਵਿਭਾਗ ਸੰਗਰੂਰ ਦੀ ਟੀਮ ਤੇ ਪੁਲੀਸ ਨਾਲ ਮਿਲ ਕੇ ਛਾਪਾ ਮਾਰ ਕੇ ਸਾਬਕਾ ਆਸ਼ਾ ਵਰਕਰ ਗੁਰਮੀਤ ਕੌਰ ਨੂੰ ਪਿੰਡ ਬਰੜਵਾਲ ਦੇ ਬਾਹਰ ਇੱਕ ਮਕਾਨ ’ਚ ਭਰੂਣ ਦੀ ਲਿੰਗ ਜਾਂਚ ਕਰਦਿਆਂ ਰੰਗੇ ਹੱਥੀਂ ਕਾਬੂ ਕਰਕੇ ਲਿੰਗ ਜਾਂਚ ਲਈ ਵਰਤੀ ਜਾ ਰਹੀ ਮਸ਼ੀਨ ਤੇ ਤੈਅ ਕੀਤੀ ਰਕਮ ਬਰਾਮਦ ਕੀਤੀ। ਟੀਮ ਅਨੁਸਾਰ ਭਰੂਣ ਦੀ ਲਿੰਗ ਜਾਂਚ ਕਰਨ ਲਈ ਵਰਤੀ ਜਾਂਦੀ ਮਸ਼ੀਨ ਜਿੱਥੇ ਡੰਮੀ ਸੀ, ਉਥੇ ਇਹ ਔਰਤ ਲੋਕਾਂ ਕੋਲੋਂ ਹਜ਼ਾਰਾਂ ਰੁਪਏ ਲੈਂਦੀ ਸੀ।
ਥਾਣਾ ਸਦਰ ਧੂਰੀ ਦੇ ਮੁਖੀ ਜਗਮੇਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਸੰਗਰੂਰ ਦੇ ਪੱਤਰ ਦੇ ਆਧਾਰ ’ਤੇ ਗੁਰਮੀਤ ਕੌਰ ਤੇ ਉਸਦੇ ਸਾਥੀ ਰਾਜਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।