ਬੀਰਬਲ ਰਿਸ਼ੀ
ਸ਼ੇਰਪੁਰ, 13 ਜੂਨ
ਪਿੰਡ ਮਾਹਮਦਪੁਰ ਦੇ ਪੰਚ ਗੋਬਿੰਦ ਸਿੰਘ ਨੇ ਪਿੰਡ ਦੇ ਦੋ ਪੰਚਾਂ ਤੇ ਸਾਬਕਾ ਸਰਪੰਚ ’ਤੇ ਕੁੱਟਮਾਰ ਕਰਨ ਅਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਲਗਾਏ ਸਨ ਜਿਸ ਸਬੰਧੀ ਸ਼ੇਰਪੁਰ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਮੁੱਦਈ ਪੰਚ ਗੋਬਿੰਦ ਸਿੰਘ ਨੇ ਦੱਸਿਆ ਕਿ ਉਹ ਪੰਚਾਇਤ ਮੈਂਬਰ ਹੈ ਅਤੇ ਉਹ ਪਿੰਡ ਧਨੋ ਤੋਂ ਪਿੰਡ ਮਾਹਮਦਪੁਰ ਨੂੰ ਮੋਟਰਸਾਈਕਲ ’ਤੇ ਵਾਪਸ ਆ ਰਿਹਾ ਸੀ ਜਿਸਨੂੰ ਹਰਮਨ ਸਿੰਘ ਚਲਾ ਰਿਹਾ ਸੀ ਕਿ ਇਸ ਦੌਰਾਨ ਇੱਕ ਕਾਰ ਆਈ ਜਿਸ ਵਿੱਚੋਂ ਕੁਲਵਿੰਦਰ ਸਿੰਘ, ਇੰਦਰਜੀਤ ਸਿੰਘ (ਦੋਵੇਂ ਪੰਚ) ਅਤੇ ਸਾਬਕਾ ਸਰਪੰਚ ਸੂਰਜਭਾਨ ਥੱਲੇ ਉਤਰੇ। ਉਸ ਨੇ ਦੋਸ਼ ਲਾਇਆ ਕਿ ਉਨ੍ਹਾਂ ਉਸਦੀ ਕੁੱਟਮਾਰ ਕੀਤੀ, ਧਮਕੀਆਂ ਦਿੱਤੀਆਂ ਅਤੇ ਜਾਤੀਸੂਚਕ ਸ਼ਬਦ ਬੋਲੇ। ਐੱਸਐੱਚਓ ਸ਼ੇਰਪੁਰ ਯਾਦਵਿੰਦਰ ਸਿੰਘ ਨੇ ਦੋ ਪੰਚਾਂ ਸਮੇਤ ਸਾਬਕਾ ਸਰਪੰਚ ’ਤੇ ਪਰਚਾ ਕੀਤੇ ਜਾਣ ਦੀ ਪੁਸ਼ਟੀ ਕੀਤੀ। ਦੂਜੇ ਪਾਸੇ ਸਾਬਕਾ ਸਰਪੰਚ ਸੂਰਜਭਾਨ ਨੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਹ ਹਰ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਉੱਕਾ ਹੀ ਕਿਸੇ ਨੂੰ ਵੀ ਜਾਤੀਸੂਚਕ ਸ਼ਬਦ ਨਹੀਂ ਬੋਲੇ ਅਤੇ ਨਾ ਹੀ ਕਿਸੇ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਇਸ ਨੂੰ ਆਪਣੇ ਸਿਆਸੀ ਵਿਰੋਧੀਆਂ ਦੀ ਚਾਲ ਕਰਾਰ ਦਿੰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ।