ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਗਸਤ
ਸੰਗਰੂਰ ਪੁਲੀਸ ਵੱਲੋਂ ਕਰੀਬ ਦੋ ਹਫ਼ਤੇ ਪਹਿਲਾਂ ਪਿੰਡ ਸ਼ੇਰੋਂ ਵਿੱਚ 36 ਲੱਖ ਰੁਪਏ ਸਮੇਤ ਬੈਂਕ ਦਾ ਏਟੀਐੱਮ ਲੁੱਟਣ ਦਾ ਮਾਮਲਾ ਹੱਲ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਉੱਤਰ ਪ੍ਰਦੇਸ਼ ਨਾਲ ਸਬੰਧਤ ਇੱਕ ਗਰੋਹ ਦਾ ਮੈਂਬਰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਤੋਂ ਕੀਤੀ ਗਈ ਪੁੱਛਗਿਛ ਦੇ ਆਧਾਰ ’ਤੇ ਪੰਜ ਹੋਰ ਜਣਿਆਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਹ ਗਰੋਹ ਊੱਤਰ ਪ੍ਰਦੇਸ਼ ਤੋਂ ਇੱਕ ਬਲੈਰੋ ਪਿਕਅਪ ਵਿੱਚ ਆਇਆ ਸੀ। ਪਹਿਲਾਂ ਇਸ ਗਰੋਹ ਦੇ ਮੈਂਬਰਾਂ ਵੱਲੋਂ ਪਿੰਡ ਬਡਬਰ, ਜ਼ਿਲ੍ਹਾ ਬਰਨਾਲਾ ਵਿੱਚ ਇੱਕ ਏਟੀਐੱਮ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਹੀਂ ਹੋਏ। ਉਪਰੰਤ ਬੀਤੀ 16 ਅਗਸਤ ਨੂੰ ਇਹ ਲੁਟੇਰੇ ਪਿੰਡ ਸ਼ੇਰੋਂ ਵਿੱਚ ਸਥਿਤ ਭਾਰਤੀ ਸਟੇਟ ਬੈਂਕ ਦਾ ਏਟੀਐੱਮ ਪੁੱਟ ਕੇ ਲੈ ਗਏ ਜਿਸ ਵਿੱਚ 36 ਲੱਖ ਰੁਪਏ ਸਨ। ਇਸ ਮਾਮਲੇ ’ਚ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੀ ਟੀਮ ਨੇ ਸਮਸੂਦੀਨ ਉਰਫ ਸਮਸੂ ਵਾਸੀ ਸ਼ਾਹਪੁਰ ਥਾਣਾ ਗੰਗੋਹ, ਜ਼ਿਲ੍ਹਾ ਸਹਾਰਨਪੁਰ ( ਉੱਤਰ ਪ੍ਰਦੇਸ਼) ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਤੋਂ ਕੀਤੀ ਗਈ ਪੁੱਛਗਿਛ ਦੇ ਅਧਾਰ ’ਤੇ ਗੈਂਗਸਟਰ ਇਰਫਾਨ ਫਾਨਾ, ਨਕੀਮ, ਕਾਲਾ, ਸੋਨੂੰ ਅਤੇ ਮਹਿਫ਼ੂਜ ਵਾਸੀਆਨ ਬੇਗੀ ਨਾਜਰ, ਥਾਣਾ ਗੰਗੋਹ, ਜ਼ਿਲ੍ਹਾ ਸਹਾਰਨਪੁਰ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਸਾਰੇ ਨਾਮੀ ਚੋਰ ਹਨ। ਵਾਰਦਾਤ ਵਿਚ ਵਰਤੀ ਗਈ ਗੱਡੀ ਮਹਿੰਦਰਾ ਬੋਲੈਰੋ ਪਿਕਅੱਪ ’ਤੇ ਜਾਅਲੀ ਨੰਬਰ ਲਗਾਇਆ ਹੋਇਆ ਸੀ, ਜੋ ਬਰਾਮਦ ਕਰ ਲਈ ਗਈ ਹੈ।
ਗੈਂਗਸਟਰ ਕਾਲਾ ਭਾਠੂਆ ਗ੍ਰਿਫ਼ਤਾਰ
ਸੰਗਰੂਰ ਪੁਲੀਸ ਵੱਲੋਂ ਕੈਟਾਗਰੀ ‘ਬੀ’ ਦੇ ਨਾਮੀ ਗੈਂਗਸਟਰ ਬੀਰ ਬਹਾਦਰ ਸਿੰਘ ਉਰਫ਼ ਕਾਲਾ ਭਾਠੂਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਇੱਕ ਵਿਅਕਤੀ ਨੂੰ ਅਗਵਾ ਕੇ 11 ਲੱਖ ਰੁਪਏ ਦੀ ਫਿਰੌਤੀ ਵਸੂਲਣ ਦੇ ਮਾਮਲੇ ਵਿਚ ਲੋੜੀਂਦਾ ਸੀ। ਕਾਲਾ ਭਾਠੂਆਂ ਖ਼ਿਲਾਫ਼ ਅਪਰਾਧਿਕ ਦੋਸ਼ਾਂ ਤਹਿਤ ਵੱਖ-ਵੱਖ ਪੁਲੀਸ ਥਾਣਿਆਂ ਵਿਚ ਕਰੀਬ 20 ਕੇਸ ਦਰਜ ਹਨ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਦੀ ਟੀਮ ਨੇ ਮੁਖਬਰੀ ਦੇ ਅਧਾਰ ’ਤੇ ਕਾਲਾ ਭਾਠੂਆ ਵਾਸੀ ਭਾਠੂਆ, ਥਾਣਾ ਮੂਨਕ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਲਾ ਭਾਠੂਆਂ ਖ਼ਿਲਾਫ਼ ਥਾਣਾ ਮੂਨਕ, ਭਵਾਨੀਗੜ੍ਹ, ਬਰੇਟਾ, ਗਾਗਾ, ਰਤੀਆ, ਲਹਿਰਾ, ਦਿੜ੍ਹਬਾ, ਮਾਨਸਾ, ਸਿਟੀ ਸੰਗਰੂੂਰ, ਛਾਜਲੀ ਤੋਂ ਇਲਾਵਾ ਹਰਿਆਣਾ ਦੇ ਪੁਲੀਸ ਥਾਣਾ ਉਚਾਨਾ, ਟੋਹਾਨਾ, ਖੇੜੀਪੁਲ ਆਦਿ ਵਿਚ ਕਰੀਬ 20 ਕੇਸ ਦਰਜ ਹਨ।