ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਮਾਰਚ
ਇਥੋਂ ਦੇ ਪਟਿਆਲਾ ਗੇਟ ’ਤੇ ਕੱਟੇ ਗਏ ਦਰੱਖਤਾਂ ਦਾ ਮਾਮਲਾ ਗਰਮਾ ਗਿਆ ਹੈ। ਸ਼ਹਿਰ ਦੀਆਂ ਸਮਾਜ ਸੇਵੀਆਂ ਨੇ ਅੱਜ ਪਟਿਆਲਾ ਗੇਟ ਸਥਿਤ ਕਾਲੀ ਮਾਤਾ ਮੰਦਰ ਸਾਹਮਣੇ ਇਕੱਠੇ ਹੋ ਕੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕੱਟੇ ਗਏ ਦਰੱਖਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਸਮਾਜ ਸੇਵੀ ਐਡਵੋਕੇਟ ਦਸਵੀਰ ਸਿੰਘ ਡੱਲੀ, ਸਾਬਕਾ ਸਰਪੰਚ ਅਵਤਾਰ ਸਿੰਘ ਈਲਵਾਲ, ਦਿਨੇਸ਼ ਬਾਂਸਲ, ਐਡਵੋਕੇਟ ਲਲਿਤ ਗਰਗ ਨੇ ਦੱਸਿਆ ਕਿ ਪਟਿਆਲਾ ਗੇਟ ਸਥਿਤ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਕਰੀਬ ਦੋ ਦਰਜਨ ਦਰੱਖਤਾਂ ਨੂੰ ਵਿਕਾਸ ਦੇ ਨਾਂ ’ਤੇ ਕੱਟ ਦਿੱਤਾ ਗਿਆ ਹੈ ਜਿਸ ਕਾਰਨ ਸਮਾਜ ਸੇਵੀਆਂ ’ਚ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ‘ਆਪ’ ਆਗੂ ਨਰਿੰਦਰ ਕੌਰ ਭਰਾਜ, ਇੰਦਰਪਾਲ ਖਾਲਸਾ, ਭਾਜਪਾ ਆਗੂ ਸਰਜੀਵਨ ਜਿੰਦਲ ਨੇ ਕਿਹਾ ਕਿ ਦਰੱਖਤਾਂ ਦਾ ਕਤਲ ਕੀਤਾ ਗਿਆ ਹੈ ਜੋ ਕਿ ਸ਼ਹਿਰ ਨੂੰ ਸ਼ੁੱਧ ਵਾਤਾਵਰਣ ਪ੍ਰਦਾਨ ਕਰਦੇ ਸਨ ਅਤੇ ਸੈਂਕੜੇ ਸ਼ਹਿਰ ਵਾਸੀ ਰੋਜ਼ਾਨਾ ਇਥੇ ਸੈਰ ਕਰਦੇ ਹਨ। ਸਮਾਜ ਸੇਵੀਆਂ ਨੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਕੋਲੋਂ ਮੰਗ ਕੀਤੀ ਕਿ ਤੁਰੰਤ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਦਰੱਖਤਾਂ ਦੀ ਕਟਾਈ ਬੰੰਦ ਕਰਵਾਈ ਜਾਵੇ।