ਪੱਤਰ ਪ੍ਰੇਰਕ
ਲਹਿਰਾਗਾਗਾ, 8 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦਾ ਪਰਿਵਾਰ ਜੋ ਕਿ ਪਿਛਲੇ ਦਿਨੀਂ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ, ਹੁਣ ਉਨ੍ਹਾਂ ਮਿਸ਼ਨ ਫ਼ਤਹਿ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸਿਹਤਯਾਬ ਹੋਇਆ ਹੈ। ਇਥੇ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਜਵਾਹਰਵਾਲਾ ਅਤੇ ਪਾਰਟੀ ਵਰਕਰਾਂ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਕਰਕੇ ਉਨ੍ਹਾਂ ਕਿਹਾ ਕਿ ਸਾਵਧਾਨੀ ਅਤੇ ਹੌਸਲੇ ਨਾਲ ਇਸ ਮਹਾਮਾਰੀ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਸਮੂਹ ਸ਼ੁਭ ਚਿੰਤਕਾਂ ਦੇ ਵੀ ਉਹ ਧੰਨਵਾਦੀ ਹਨ ਜਿਨ੍ਹਾਂ ਦੀਆਂ ਦੁਆਵਾਂ ਨੇ ਉਨ੍ਹਾਂ ਨੂੰ ਇਸ ਦੌਰ ਵਿੱਚ ਬੁਲੰਦ ਹੌਸਲੇ ਨਾਲ ਬਿਮਾਰੀ ਦਾ ਟਾਕਰਾ ਕਰਨ ਦੀ ਹਿੰਮਤ ਬਖ਼ਸ਼ੀ। ਸ਼੍ਰੀ ਢੀਂਡਸਾ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਬਚਾਅ ਲਈ ਭੀੜ-ਭਾੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨ ਅਤੇ ਜੇਕਰ ਕਿਸੇ ਬਹੁਤ ਹੀ ਜ਼ਰੂਰੀ ਕੰਮ ਲਈ ਬਾਹਰ ਜਾਣਾ ਹੋਵੇ ਤਾਂ ਮੂੰਹ ਢੱਕ ਕੇ ਰੱਖਣ, ਉਚਿਤ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਵਾਰ ਵਾਰ ਵਾਰ ਹੱਥ ਧੋਣ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਨੂੰ ਹੋਰ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਦਲਦੇ ਮੌਸਮ ਕਾਰਨ ਵੀ ਬੁਖਾਰ, ਖਾਂਸੀ, ਸਿਰਦਰਦ ਆਦਿ ਹੋ ਸਕਦੇ ਹਨ ਪਰ ਫ਼ਿਰ ਵੀ ਸਾਵਧਾਨੀ ਵਰਤਦੇ ਹੋਏ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਇਸ ਵਿਰੋਧ ਕਰਨ ਦੀ ਬਜਾਏ ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਉਣ ’ਚ ਸਾਥ ਦੇਣ।