ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ,12 ਜਨਵਰੀ
ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪਿੰਡ ਬਾਲਦ ਕਲਾਂ ਸਥਿਤ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ‘ਤੇ ਕਾਰ ਸਵਾਰ ਲੁਟੇਰੇ ਪਿਸਤੌਲ ਦਿਖਾ ਕੇ ਦਿਨ ਦਿਹਾੜੇ ਇਕ ਹਜ਼ਾਰ ਰੁਪਏ ਦਾ ਤੇਲ ਪਵਾ ਕੇ ਕਰਿੰਦਿਆਂ ਕੋਲੋਂ 2800 ਰੁਪਏ ਨਕਦੀ ਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਪੰਪ ਦੇ ਕਰਿੰਦੇ ਰਣਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਤੇ ਉਸਦਾ ਸਾਥੀ ਅਸ਼ਵਨੀ ਕੁਮਾਰ ਦੋਵੇਂ ਰਿਲਾਇੰਸ ਪੈਟਰੋਲ ਪੰਪ ਬਾਲਦ ਕਲਾਂ ‘ਤੇ ਬਤੌਰ ਸੇਲਜਮੈਨ ਕੰਮ ਕਰਦੇ ਹਨ। ਦੁਪਹਿਰ ਸਵਾ ਕੁ 3 ਵਜੇ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਪੰਪ ’ਤੇ ਆਈ, ਜਿਸਦੇ ਚਾਲਕ ਨੇ ਇੱਕ ਹਜ਼ਾਰ ਰੁਪਏ ਦਾ ਤੇਲ ਪਾਉਣ ਲਈ ਕਿਹਾ। ਤੇਲ ਪਾਉਣ ਤੋਂ ਬਾਅਦ ਉਸ ਕੋਲੋਂ ਜਦੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸਨੇ ਗੱਡੀ ’ਚੋਂ ਪਿਸਤੌਲ ਕੱਢ ਕੇ ਉਸ ਵੱਲ ਤਾਣ ਦਿੱਤਾ। ਉਸ ਤੋਂ ਬਾਅਦ ਕਾਰ ਚਾਲਕ ਨਾਲ ਬੈਠਾ ਵਿਅਕਤੀ ਉਨ੍ਹਾਂ ਦੋਵਾਂ ਨੂੰ ਕੈਬਿਨ ’ਚ ਧੂਹ ਕੇ ਲੈ ਗਿਆ। ਜਿੱਥੇ ਲੁਟੇਰਿਆਂ ਨੇ ਉਸਦਾ ਮੋਬਾਈਲ ਫੋਨ ਤੇ ਪੰਪ ਵਾਲਾ ਮੋਬਾਈਲ ਫੋਨ ਤੋਂ ਇਲਾਵਾ ਅਸ਼ਵਨੀ ਕੁਮਾਰ ਪਾਸੋਂ ਸੇਲ ਦੇ ਕਰੀਬ 28 ਸੌ ਰੁਪਏ ਖੋਹ ਲਏ। ਲੁਟੇਰੇ ਉਨ੍ਹਾਂ ਦੋਵਾਂ ਨੂੰ ਪੈਟਰੋਲ ਪੰਪ ਦੇ ਕੈਬਿਨ ’ਚ ਬਣੇ ਕੈਸ਼ ਰੂਮ ’ਚ ਬੰਦ ਕਰਨ ਤੋਂ ਬਾਅਦ ਫ਼ਰਾਰ ਹੋ ਗਏ। ਸੂਚਨਾ ਮਿਲਣ ’ਤੇ ਪਹੁੰਚੇ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਲੁੱਟ ਦੀ ਇਹ ਘਟਨਾ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਪੁਲੀਸ ਨੇ ਫੁਟੇਜ਼ ਨੂੰ ਕਬਜ਼ੇ ’ਚ ਲੈਂਦਿਆਂ ਮਾਮਲਾ ਦਰਜ ਕਰਕੇ ਅਣਪਛਾਤੇ ਲੁਟੇਰਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।