ਰਾਜਿੰਦਰ ਜੈਦਕਾ/ਹੁਸ਼ਿਆਰ ਸਿੰਘ ਰਾਣੂੰ
ਅਮਰਗੜ੍ਹ/ਮਾਲੇਰਕੋਟਲਾ, 21 ਸਤੰਬਰ
ਬੀਤੀ ਰਾਤ ਇਕ ਕਾਰ ਇਥੋਂ ਦੀ ਮਾਹੋਰਾਣਾ ਨਹਿਰ ਵਿਚ ਡਿੱਗ ਗਈ। ਉਸ ਵਿੱਚ ਸਵਾਰ ਚਾਰ ਵਿਅਕਤੀ ਪਾਣੀ ਵਿੱਚ ਰੜ੍ਹ ਗਏ ਜਿਨ੍ਹਾਂ ਨੂੰ ਸੀਆਈਏ ਸਟਾਫ਼ ਦੇ ਮੁਲਾਜ਼ਮਾਂ ਨੇ ਬਚਾਅ ਲਿਆ।
ਇੰਸਪੈਕਟਰ ਦਲਬੀਰ ਸਿੰਘ, ਇੰਚਾਰਜ ਸੀਆਈਏ ਸਟਾਫ ਨੇ ਦੱਸਿਆ ਕਿ ਲੰਘੀ ਰਾਤ ਅੱਲਾ ਰੱਖਾ ਖ਼ਾਨ ਵਾਸੀ ਹਰੀਗੜ੍ਹ, ਜ਼ਿਲ੍ਹਾ ਪਟਿਆਲਾ ਆਪਣੀ ਪਤਨੀ ਜੱਸੀ, ਭਾਣਜੇ ਪ੍ਰਿੰਸ ਅਤੇ ਆਪਣੇ ਮਾਸੀ ਦੇ ਲੜਕੇ ਨਿੱਕਾ ਨਾਲ ਕਾਰ ਵਿੱਚ ਲੱਛਾਬੱਦੀ ਤੋਂ ਹਰੀਗੜ੍ਹ ਪਰਤ ਰਿਹਾ ਸੀ। ਉਹ ਨਹਿਰ ਦੀ ਪਟੜੀ ਦੇ ਨਾਲ -ਨਾਲ ਆ ਰਿਹਾ ਸੀ ਕਿ ਹਨੇਰਾ ਜ਼ਿਆਦਾ ਹੋਣ ਕਾਰਨ ਉਹ ਕਾਰ ’ਤੋਂ ਸੰਤੁਲਨ ਗੁਆ ਬੈਠਾ ਤੇ ਕਾਰ ਨਹਿਰ ਵਿੱਚ ਜਾ ਡਿੱਗੀ। ਪਰਿਵਾਰ ਵਾਲਿਆਂ ਦਾ ਰੌਲਾ ਸੁਣ ਕੇ ਰਾਤ ਦੀ ਡਿਊਟੀ ’ਤੇ ਤਾਇਨਾਤ ਸੀਆਈਏ ਸਟਾਫ ਦੇ ਕਰਮਚਾਰੀ ਗੁਰਨਾਮ ਸਿੰਘ ਅਤੇ ਹਰਿੰਦਰ ਸਿੰਘ ਮੌਕੇ ਵੱਲ ਭੱਜੇ। ਉਨ੍ਹਾਂ ਦੇਖਿਆ ਕਿ ਨਹਿਰ ਵਿਚ ਇਕ ਕਾਰ ਡਿੱਗੀ ਹੋਈ ਹੈ। ਗੁਰਨਾਮ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਨਹਿਰ ਵਿੱਚ ਛਾਲ ਮਾਰੀ ਅਤੇ ਸਾਥੀ ਕਰਮਚਾਰੀ ਹਰਿੰਦਰ ਸਿੰਘ ਦੀ ਮਦਦ ਨਾਲ ਡੁੱਬ ਰਹੇ ਪਰਿਵਾਰ ਦੇ ਮੈਂਬਰਾਂ ਪ੍ਰਿੰਸ (16 ), ਅੱਲਾ ਰੱਖਾ ਖ਼ਾਨ (28 ) ਨਿੱਕਾ (31) ਤੇ ਜੱਸੀ ਨੂੰ ਬਾਹਰ ਕੱਢਿਆ। ਪਰਿਵਾਰ ਨੇ ਪੁਲੀਸ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲੀਸ ਕਰਮਚਾਰੀਆਂ ਦੀ ਹਿੰਮਤ ਸਦਕਾ ਉਨ੍ਹਾਂ ਦਾ ਪਰਿਵਾਰ ਮੌਤ ਦੇ ਮੂਹੋਂ ਬਚ ਗਿਆ। ਜੇਬੀਸੀ ਦੀ ਮਦਦ ਨਾਲ ਪੁਲੀਸ ਨੇ ਅੱਜ ਸਵੇਰੇ ਕਾਰ ਨੂੰ ਬਾਹਰ ਕੱਢਿਆ।