ਰਮੇਸ਼ ਭਾਰਦਵਾਜ
ਲਹਿਰਾਗਾਗਾ ,17 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਦੀ ਸਮੁੱਚੀ ਟੀਮ ਦੀ ਅਗਵਾਈ ਹੇਠ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਲਹਿਰਾਗਾਗਾ -ਪਾਤੜਾ ਸੜਕ ’ਤੇ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਅਣਮਿਥੇ ਸਮੇਂ ਦਾ ਧਰਨਾ ਸਤਾਰਵੇਂ ਦਿਨ ਵੀ ਜਾਰੀ ਰੱਖਿਆ। ਇਸ ’ਚ ਕੈਪਟਨ ਸਰਕਾਰ ਨੂੰ ਖਬਰਦਾਰ ਕੀਤਾ ਕਿ ਕਿਸਾਨਾਂ ਦੇ ਇਸ ਰੋਹ ਦਾ ਸਿਆਸੀ ਲਾਹਾ ਖੱਟਣ ਦੇ ਲਾਲਚ ਵਿੱਚ ਖੁਦ ਇਸ ਰੋਹ ਦਾ ਸ਼ਿਕਾਰ ਨਾ ਬਣ ਜਾਵੇ।
ਜਥੇਬੰਦੀ ਦੇ ਆਗੂਆਂ ਬਹਾਲ ਸਿੰਘ ਢੀਂਡਸਾ,ਦਰਸ਼ਨ ਸਿੰਘ,ਰਾਮ ਸਿੰਘ ਨੰਗਲਾ ਅਤੇ ਮਾਸਟਰ ਗੁਰਚਰਨ ਸਿੰਘ ਖੋਖਰ ਆਦਿ ਬੁਲਾਰਿਆਂ ਨੇ ਕਿਹਾ ਕਿ ਆਪੋ ਆਪਣੀ ਸਮਝ ਤੇ ਸਮਰੱਥਾ ਮੁਤਾਬਕ ਇਸ ਮੁੱਦੇ ‘ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਿਰੁੱਧ ਕਿਸੇ ਵੀ ਕਿਸਮ ਦਾ ਪ੍ਚਾਰ ਨਾ ਕੀਤਾ ਜਾਵੇ। ਤਾਲਮੇਲ ਵਜੋਂ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾਰੇ ਦੇ ਸਾਰੇ ਧਰਨਿਆਂ ‘ਚ ਫ਼ੂਕੇ ਗਏ। ਇਸ ਵਾਸਤੇ 19 ਅਕਤੂਬਰ ਨੂੰ ਜਥੇਬੰਦੀ ਵੱਲੋਂ ਪੰਜਾਬ ਵਿਧਾਨ ਸਭਾਂ ਚੰਡੀਗੜ੍ਹ ਸਾਹਮਣੇ ਧਰਨਾ ਵੀ ਦਿੱਤਾ ਜਾਵੇਗਾ। ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਨੂੰ ਵੀ ਮੌਜੂਦਾ ਘੋਲ਼ ਦਾ ਨਿਸ਼ਾਨਾ ਬਣਾਇਆ ਜਾਵੇਗਾ। ਬੁਲਾਰਿਆਂ ਨੇ ਐਲਾਨ ਕੀਤਾ ਕਿ ਮੌਜੂਦਾ ਅਣਮਿਥੇ ਸਮੇਂ ਦਾ ਸੰਘਰਸ਼ ਸਭਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਤਾਲਮੇਲਵੀਂ ਸਾਂਝ ਬਰਕਰਾਰ ਰੱਖਦਿਆਂ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ। ਇਲਾਵਾ ਪੀ ਐਸ ਯੂ (ਰੰਧਾਵਾ) ਦੇ ਜਗਸੀਰ ਸਿੰਘ (ਜੱਗੀ),ਅਮਨ ਅਤੇ ਕੋਮਲ ਲਹਿਲ ਕਲਾਂ,ਬੂਟਾ ਸਿੰਘ ਜਸ਼ਨਦੀਪ ਕੌਰ ਅਤੇ ਨਵੇਂ ਨੌਜਵਾਨ ਮੁੰਡੇ- ਕੁੜੀਆਂ ਨੇ ਵੀ ਸੰਬੋਧਨ ਕੀਤਾ।