ਪੱਤਰ ਪ੍ਰੇਰਕ
ਸ਼ੇਰਪੁਰ, 20 ਫਰਵਰੀ
ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀ ਹਕੂਮਤ ਵਿਰੁੱਧ ਚੱਲੇ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਮਰਹੂਮ ਅਦਾਕਾਰ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਨੌਜਵਾਨਾਂ ਨੇ ਅੱਜ ਇੱਥੇ ਮੋਮਬੱਤੀ ਮਾਰਚ ਕੱਢਿਆ। ਬੀਤੀ ਸ਼ਾਮ ਸ਼ੇਰਪੁਰ ਦੇ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਮੇਨ ਬਜ਼ਾਰ ਸ਼ੇਰਪੁਰ ਤੋਂ ਮਾਰਚ ਦੇਰ ਸ਼ਾਮ ਚੱਲਿਆ ਜੋ ਮੁੱਖ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਵੱਖ-ਵੱਖ ਪੱਤੀਆਂ ਤੇ ਗਲੀ ਮੁਹੱਲਿਆਂ ਵਿੱਚੋਂ ਦੀ ਗੁਜ਼ਰਿਆ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਦਿੱਲੀ ਤੋਂ ਬਠਿੰਡਾ ਪਰਤਦੇ ਸਮੇਂ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਨੇ ਉਸ ਸਮੇਂ ਗਰਮਖਿਆਲੀ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਸੀ ਜਦੋਂ ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ 2021 ਨੂੰ ਲਾਲ ਕਿਲੇ ਦੇ ਘਟਨਾਕ੍ਰਮ ਦੌਰਾਨ ਪੁਲੀਸ ਨੇ ਉਸ ’ਤੇ ਕਈ ਧਾਰਾਵਾਂ ਤਹਿਤ ਕੇਸ ਦਰਜ ਕਰਕੇ ‘ਲੁੱਕ ਆਊਟ’ ਨੋਟਿਸ ਜਾਰੀ ਕੀਤਾ ਸੀ। ਮਾਰਚ ਦੇ ਕਾਫ਼ਲੇ ਵਿੱਚ ਅਕਾਲੀ ਦਲ ਮਾਨ ਦੇ ਆਗੂ ਮਨਜੀਤ ਸਿੰਘ ਧਾਮੀ, ਬਲਜਿੰਦਰ ਸਿੰਘ, ਹਰਜੀਤ ਸਿੰਘ, ਸੰਦੀਪ ਸਿੰਘ, ਰਜਿੰਦਰ ਸਿੰਘ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਰਮਨਦੀਪ ਸਿੰਘ, ਦਰਸ਼ਨ ਸ਼ੇਰਪੁਰੀ ਆਦਿ ਆਗੂ ਖਾਸ਼ ਤੌਰ ’ਤੇ ਮੌਜੂਦ ਸਨ।