ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਅਪਰੈਲ
ਪੰਜਾਬ ਪੁਲੀਸ ਵਿਚ ਸੰਨ 2016 ਦੀ ਅਧੂਰੀ ਪਈ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਾਉਣ ਲਈ ਪਿਛਲੇ ਦਸ ਦਿਨਾਂ ਤੋਂ ਉਮੀਦਵਾਰ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੱਕੇ ਮੋਰਚੇ ’ਤੇ ਡਟੇ ਹੋਏ ਹਨ ਜੋ ਕਿ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਮੰਗ ਕਰ ਰਹੇ ਹਨ ਪ੍ਰੰਤੂ ਅਜੇ ਤੱਕ ਨਾ ਤਾਂ ਮੁੱਖ ਮੰਤਰੀ ਨੇ ਮੀਟਿੰਗ ਦਾ ਸਮਾਂ ਦਿੱਤਾ ਹੈ ਅਤੇ ਨਾ ਹੀ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਕੋਈ ਪੱਕਾ ਭਰੋਸਾ ਦਿੱਤਾ ਹੈ।
ਪੰਜਾਬ ਪੁਲੀਸ ਵਿਚ ਸੰਨ 2016 ਦੀ ਭਰਤੀ ਦੇ ਉਮੀਦਵਾਰਾਂ ਨੇ ਬੀਤੀ 29 ਮਾਰਚ ਨੂੰ ਇਥੇ ਸੰਘਰਸ਼ ਸ਼ੁਰੂ ਕੀਤਾ ਸੀ। ਤਿੰਨ ਲੜਕੀਆਂ ਸਮੇਤ ਅੱਠ ਉਮੀਦਵਾਰ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਸਨ ਜਦੋਂ ਕਿ ਬਾਕੀ ਪ੍ਰਦਰਸ਼ਨਕਾਰੀ ਉਮੀਦਵਾਰਾਂ ਨੇ ਦਿੱਲੀ-ਲੁਧਿਆਣਾ ਹਾਈਵੇਅ ਉਪਰ ਦਿਨ-ਰਾਤ ਦਾ ਰੋਸ ਧਰਨਾ ਲਗਾ ਦਿੱਤਾ ਸੀ। ਦੋ ਦਿਨਾਂ ਬਾਅਦ ਇਹ ਰੋਸ ਧਰਨਾ ਮੁੱਖ ਮੰਤਰੀ ਦੀ ਕੋਠੀ ਅੱਗੇ ਤਬਦੀਲ ਕਰ ਦਿੱਤਾ ਸੀ। ਪ੍ਰਦਰਸ਼ਕਾਰੀਆਂ ਦੇ ਪ੍ਰਮੁੱਖ ਆਗੂ ਜਗਦੀਪ ਸਿੰਘ ਅਤੇ ਗੁਰਸੇਵਕ ਸਿੰਘ ਸਮੇਤ ਧਰਨਾਕਾਰੀਆਂ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ‘‘ਮੁੱਖ ਮੰਤਰੀ ਸਾਹਿਬ, ਅਸੀਂ ਪੰਜਾਬ ਦੇ ਧੀਆਂ-ਪੁੱਤ ਹਾਂ, ਮੀਟਿੰਗ ਕਰਕੇ ਸਾਡਾ ਪੱਖ ਤਾਂ ਸੁਣ ਲਓ।’’ ਪਿਛਲੇ ਦਸ ਦਿਨਾਂ ਤੋਂ ਪੰਜਾਬ ਦੇ ਧੀਆਂ-ਪੁੱਤ ਇਥੇ ਤੁਹਾਡੇ ਦਰ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਥੇ ਮੁੱਖ ਮੰਤਰੀ ਦੀ ਕੋਠੀ ’ਚ ਅਧਿਕਾਰੀ ਅਤੇ ਪਾਰਟੀ ਲੀਡਰ ਆਉਂਦੇ ਜਾਂਦੇ ਰਹਿੰਦੇ ਹਨ ਪਰੰਤੂ ਧਰਨਾਕਾਰੀ ਉਮੀਦਵਾਰਾਂ ਦੀ ਕਿਸੇ ਨੇ ਪੁੱਛ ਪੜਤਾਲ ਨਹੀਂ ਕੀਤੀ। ਸਿਰਫ਼ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵਲੋਂ ਧਰਨੇ ’ਚ ਪੁੱਜ ਕੇ ਉਨ੍ਹਾਂ ਦੀ ਗੱਲ ਜ਼ਰੂਰ ਸੁਣੀ ਗਈ ਹੈ। ਉਨ੍ਹਾਂ ਦੱਸਿਆ ਕਿ 31 ਮਈ 2016 ਨੂੰ ਪੰਜਾਬ ਪੁਲੀਸ ਵਿਚ 7416 ਸਿਪਾਹੀਆਂ ਦੀ ਭਰਤੀ ਕੱਢੀ ਗਈ ਸੀ ਜਿਸ ਦਾ ਨਤੀਜਾ 26 ਅਕਤੂਬਰ 2016 ਨੂੰ ਐਲਾਨਿਆ ਗਿਆ ਸੀ। ਸੰਨ 2017 ਵਿਚ ਅਨੇਕਾਂ ਉਮੀਦਵਾਰਾਂ ਨੂੰ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਸੀ ਪਰੰਤੂ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਅਜੇ ਤੱਕ ਭਰਤੀ ਪ੍ਰਕਿਰਿਆ ਮੁਕੰਮਲ ਨਹੀਂ ਹੋਈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਅਤੇ ਸਾਡਾ ਪੱਖ ਸੁਣ ਕੇ ਮਸਲਾ ਹੱਲ ਕੀਤਾ ਜਾਵੇ।