ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
ਧੂਰੀ, 8 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਧੂਰੀ, ਮਾਲੇਰਕੋਟਲਾ ਤੇ ਸ਼ੇਰਪੁਰ ਇਲਾਕੇ ਦੇ ਨਹਿਰੀ ਪਾਣੀ ਤੋਂ ਵਾਂਝੇ ਕਰੀਬ ਚਾਰ ਦਰਜਨ ਪਿੰਡਾਂ ਦੇ ਲੋਕਾਂ ਨੇ ਵੱਖ-ਵੱਖ ਪਿੰਡਾਂ ਅੰਦਰ ਟਰੈਕਟਰਾਂ, ਗੱਡੀਆਂ ਅਤੇ ਮੋਟਰਸਾਈਕਲ ’ਤੇ ਰੋਸ ਮਾਰਚ ਕੱਢਣ ਉਪਰੰਤ ਧੂਰੀ ਵਿੱਚ ਤੋਤਾਪੁਰੀ ਰੋਡ ’ਤੇ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਮੰਗ ਪੱਤਰ ਰਾਹੀਂ ਪਿੰਡਾਂ ਨੂੰ ਨਹਿਰੀ ਪਾਣੀ ਦੇਣ ਦੀ ਮੰਗ ਕੀਤੀ। ਧਰਨੇ ਵਿੱਚ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਕਿਸਾਨਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਸੂਬੇ ਦੇ ਕਿਸਾਨ ਆਪਣੀਆਂ ਖੇਤੀ ਲੋੜਾਂ ਦੀ ਪੂਰਤੀ ਲਈ 70 ਫੀਸਦੀ ਪਾਣੀ ਡੂੰਘੇ ਜ਼ਮੀਨੀ ਬੋਰਾਂ ਰਾਹੀਂ ਕੱਢਦੇ ਹਨ, ਜਦੋਂ ਕਿ ਕੌਮਾਂਤਰੀ ਪੱਧਰ ’ਤੇ ਲਾਗੂ ‘ਰਿਪੇਰੀਅਨ ਸਿਧਾਂਤਾਂ’ ਨੂੰ ਅੱਖੋਂ ਪਰੋਖੇ ਕਰ ਕੇ ਪੰਜਾਬ ਦੇ ਦਰਿਆਵਾਂ ਦਾ ਕਰੀਬ 75 ਫੀਸਦੀ ਪਾਣੀ ਗ਼ੈਰ ਰਿਪੇਰੀਅਨ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ, ਜਦੋਂਕਿ ਇਲਾਕੇ ਦੇ ਚਾਰ ਦਰਜਨ ਪਿੰਡਾਂ ਦੇ ਲੋਕਾਂ ਕੋਲ ਇੱਕ ਵੀ ਬੂੰਦ ਨਹਿਰੀ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹੁਣ ਇਹ ਇਲਾਕਾ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਕਿਸਾਨ ਬੋਰ ਹੋਰ ਡੂੰਘੇ ਕਰਨ ਲਈ ਖਰਚਾ ਕਰਨ ਤੋਂ ਅਸਮਰੱਥ ਹਨ ਅਤੇ ਭਵਿੱਖ ’ਚ ਪੀਣ ਵਾਲੇ ਪਾਣੀ ਦਾ ਸੰਕਟ ਖੜ੍ਹਾ ਹੋਣ ਦਾ ਵੀ ਖਦਸ਼ਾ ਹੈ।
ਆਗੂਆਂ ਨੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਅੱਪੜਦਾ ਕਰਨ ਦੀ ਮੰਗ ਕਰਦਿਆਂ ਰਿਪੇਰੀਅਨ ਸਿਧਾਂਤਾਂ ਅਨੁਸਾਰ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰ ਕੇ ਸੂਬੇ ਦੇ ਦਰਿਆਈ ਪਾਣੀਆਂ ਤੇ ਹੈੱਡ ਵਰਕਸਾਂ ਦਾ ਕੰਟਰੋਲ ਪੰਜਾਬ ਨੂੰ ਦੇਣ, ਡੈਮ ਸੇਫ਼ਟੀ ਐਕਟ-2021 ਰੱਦ ਕਰਨ ਅਤੇ ਦਰਿਆਈ ਪਾਣੀਆਂ ਤੇ ਧਰਤੀ ਹੇਠਾਂ ਬੋਰ ਕਰਕੇ ਸਨਅਤਾਂ ਦੇ ਜ਼ਹਿਰੀਲੇ ਰਸਾਇਣ ਤੇ ਸ਼ਹਿਰਾਂ ’ਚ ਸੀਵਰੇਜ ਪਾਉਣੇ ਬੰਦ ਕਰਨ ਕਰਨ ਦੀ ਮੰਗ ਕੀਤੀ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸਾਥੀ ਮੇਜਰ ਸਿੰਘ ਪੁੰਨਾਵਾਲ ਤੇ ਅਮਰੀਕ ਸਿੰਘ ਕਾਂਝਲਾ, ਭਾਕਿਯੂ ਕਾਦੀਆਂ ਦੇ ਗੁਰਮੁੱਖ ਸਿੰਘ ਚੂੰਘਾਂ, ਸੁਖਵਿੰਦਰ ਸਿੰਘ ਚੂੰਘਾਂ, ਬਹਾਦਰ ਸਿੰਘ ਫਰੀਦਪੁਰ, ਮੱਘਰ ਸਿੰਘ ਭੂਦਨ , ਭਜਨ ਸਿੰਘ ਕਲੇਰਾਂ, ਹਰਦੇਵ ਸਿੰਘ ਬੜੀ, ਭਾਕਿਯੂ ਉਗਰਾਹਾਂ ਦੇ ਹਰਜੀਤ ਸਿੰਘ ਬਦੇਸਾ, ਹਰੀ ਸਿੰਘ ਬਮਾਲ , ਨਿਰਮਲ ਸਿੰਘ ਕੁਠਾਲਾ ਅਤੇ ਸਰਪੰਚ ਅਮਨਦੀਪ ਸਿੰਘ ਕਲੇਰਾਂ ਨੇ ਵੀ ਸੰਬੋਧਨ ਕੀਤਾ।
ਦੂਜੇ ਪਾਸੇ ਤਿਉਹਾਰਾਂ ਦੇ ਦਿਨਾਂ ਦੌਰਾਨ ਮੁੱਖ ਮਾਰਗ ’ਤੇ ਬੱਬਨਪੁਰ ਦੀ ਨਹਿਰ ’ਤੇ ਲੰਘੇ ਦਿਨ ਤੋਂ ਲੱਗੇ ਪੱਕੇ ਧਰਨੇ, 2 ਘੰਟਿਆਂ ਲਈ ਕੱਕੜਵਾਲ ਚੌਕ ’ਚ ਲੱਗੇ ਧਰਨੇ ਅਤੇ ਫਿਰ ਉਸੇ ਸਮੇਂ ਦੌਰਾਨ ਮੁੱਖ ਮੰਤਰੀ ਦੇ ਧੂਰੀ ਦਫ਼ਤਰ ਅੱਗੇ ਲੱਗੇ ਧਰਨੇ ਦੌਰਾਨ ਜਿੱਥੇ ਸ਼ਹਿਰ ਅੰਦਰ ਟਰੈਫਿਕ ਦੇ ਹਾਲਾਤ ਮਾੜੇ ਹੋ ਗਏ, ਉੱਥੇ ਜ਼ਿਆਦਾਤਰ ਸਮਾਂ ਬੰਦ ਰਹਿਣ ਵਾਲੇ ਸ਼ਹਿਰ ਦੇ ਮੁੱਖ ਫਾਟਕ ਅਤੇ ਡਬਲ ਫਾਟਕ ਬੰਦ ਹੋਣ ਨਾਲ ਵੀ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਇਸ ਤੋਂ ਇਲਾਵਾ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ ਨਾਲ ਇਲਾਕੇ ਦੇ ਕਈ ਪਿੰਡਾਂ ਅੰਦਰ ਵੀ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।