ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 28 ਅਗਸਤ
ਕਿਰਤੀ ਕਿਸਾਨ ਯੂਨੀਅਨ ਵੱਲੋਂ ਮਾਲੇਰਕੋਟਲਾ, ਅਮਰਗੜ੍ਹ, ਧੂਰੀ ਤੇ ਮਹਿਲ ਕਲਾਂ ਵਿੱਚ ਪੈਂਦੇ ਤਕਰੀਬਨ 40 ਪਿੰਡਾਂ ਲਈ ਨਹਿਰੀ ਪਾਣੀ ਦੀ ਮੰਗ ਲਈ ਸ਼ੁਰੂ ਕੀਤੇ ਸੰਘਰਸ਼ ਤਹਿਤ 17 ਸਤੰਬਰ ਨੂੰ ਕਾਤਰੋਂ ਵਿੱਚ ਰੱਖੀ ਕਨਵੈਨਸ਼ਨ ਦੀ ਤਿਆਰੀ ਲਈ ਯੂਨੀਅਨ ਨੇ ਪਿੰਡ ਸੱਦੋਪੁਰ ਵਿੱਚ ਐਹਨਖੇੜੀ, ਮਦੇਵੀ, ਨੌਧਰਾਣੀ, ਬੁਰਜ ਤੇ ਰੁੜਕਾ ਵਿੱਚ ਫ਼ਰੀਦਪੁਰ ਕਲਾਂ, ਫ਼ਰੀਦਪੁਰ ਖੁਰਦ, ਮੁਬਾਰਿਕਪੁਰ ਚੂੰਘਾਂ ਤੇ ਸਿਕੰਦਰਪੁਰਾ ਦੇ ਕਿਸਾਨਾਂ ਨਾਲ ਮੀਟਿੰਗਾਂ ਕਰ ਕੇ ਇਸ ਸਬੰਧੀ ਲਾਮਬੰਦੀ ਕੀਤੀ ਗਈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਇਲਾਕੇ ਦੇ ਪਿੰਡ ਪਿਛਲੇ ਲਗਪਗ ਸੌ ਸਾਲ ਤੋਂ ਨਹਿਰੀ ਪਾਣੀ ਤੋਂ ਵਾਂਝੇ ਹਨ। ਕਿਸੇ ਸਰਕਾਰ ਨੇ ਇਨ੍ਹਾਂ ਪਿੰਡਾਂ ਲਈ ਨਹਿਰੀ ਪਾਣੀ ਦਾ ਇੰਤਜ਼ਾਮ ਨਹੀਂ ਕੀਤਾ। ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਇਕ ਨਹਿਰ ਦਾ ਐਸਟੀਮੇਟ ਬਣਾਇਆ ਗਿਆ ਸੀ ਪਰ ਉਹ ਵੀ ਸਿਰੇ ਨਾ ਚੜ੍ਹਿਆ। ਬਾਦਲ ਸਰਕਾਰ ਨੇ ਇਸ ਇਲਾਕੇ ਦੇ ਕੁਝ ਪਿੰਡਾਂ ਲਈ ਰਜਵਾਹੇ ਬਣਾਉਣ ਦੀ ਤਜਵੀਜ਼ ਰੱਖੀ, ਪਰ ਉਹ ਵੀ ਸਿਰੇ ਨਾ ਚੜ੍ਹੀ। ਇਹ ਪਿੰਡ ਨਹਿਰੀ ਪਾਣੀ ਤੋਂ ਵਾਂਝੇ ਹੀ ਰਹੇ। ਕਿਸਾਨਾਂ ਨੂੰ ਖੇਤੀ ਲਈ ਪਾਣੀ ਕੱਢਣ ਵਾਸਤੇ ਜ਼ਿਆਦਾ ਖ਼ਰਚ ਕਰਨਾ ਪੈ ਰਿਹਾ ਹੈ। ਹੁਣ ਜਦੋਂ ਪੂਰਾ ਪੰਜਾਬ ਪਾਣੀ ਦੇ ਸੰਕਟ ਦੀ ਮਾਰ ਹੇਠ ਹੈ ਤਾਂ ਇਸ ਇਲਾਕੇ ਦੇ ਲੋਕਾਂ ਨੂੰ ਵੀ ਚਿੰਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਪਿੰਡਾਂ ਦਾ ਵੀ ਧਰਤੀ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ। ਖੇਤੀ ਅਤੇ ਹੋਰ ਕੰਮਾਂ ਲਈ ਨਹਿਰੀ ਪਾਣੀ ਦੀ ਸਖ਼ਤ ਜ਼ਰੂਰਤ ਨੂੰ ਦੇਖਦੇ ਹੋਏ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਨ੍ਹਾਂ ਪਿੰਡਾਂ ਲਈ ਫੌਰੀ ਨਹਿਰ ਕੱਢ ਕੇ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਤੱਕ ਪਹੁੰਚਦਾ ਕਰਨ ਲਈ ਪਿੰਡ ਕਾਤਰੋਂ ਵਿੱਚ 17 ਸਤੰਬਰ ਨੂੰ ਕਨਵੈਨਸ਼ਨ ਰੱਖੀ ਗਈ ਹੈ। ਅੱਜ ਦੀਆਂ ਮੀਟਿੰਗਾਂ ਵਿੱਚ ਕਿਸਾਨ ਆਗੂ ਸਾਬਕਾ ਸਰਪੰਚ ਦਰਬਾਰਾ ਸਿੰਘ ਫਰਵਾਹੀ, ਗੁਰਜੀਤ ਸਿੰਘ ਫਰਵਾਹੀ, ਜਗਦੀਸ਼ ਸਿੰਘ, ਲਛਮਣ ਸਿੰਘ ਰੂੜਗੜ੍ਹ, ਗੁਰਜੰਟ ਸਿੰਘ, ਕਰਮਜੀਤ ਸਿੰਘ, ਭਜਨ ਸਿੰਘ ਕਲੇਰਾਂ ਤੇ ਬਹਾਦਰ ਸਿੰਘ ਫ਼ਰੀਦਪੁਰ ਹਾਜ਼ਰ ਸਨ।