ਪੱਤਰ ਪ੍ਰੇਰਕ
ਸ਼ੇਰਪੁਰ, 2 ਸਤੰਬਰ
ਕਿਰਤੀ ਕਿਸਾਨ ਯੂਨੀਅਨ ਨੇ ਨਹਿਰੀ ਪਾਣੀ ਦੀ ਮੰਗ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਅੰਦਰਲੇ ਪਿੰਡ ਕਾਤਰੋਂ ਵਿੱਚ 17 ਸਤੰਬਰ ਨੂੰ ਕੀਤੀ ਜਾ ਰਹੀ ਕਨਵੈਨਸ਼ਨ ਦੀਆਂ ਤਿਆਰੀਆਂ ਵਜੋਂ ਛੇ ਪਿੰਡਾਂ ਘਨੌਰ ਕਲਾਂ, ਘਨੌਰ ਖੁਰਦ, ਬਮਾਲ, ਦੁਗਨੀ, ਜਾਤੀਮਾਜਰਾ, ਬੱਲਮਗੜ੍ਹ ਵਿੱਚ ਭਰਵੀਂਆਂ ਮੀਟਿੰਗਾਂ ਕੀਤੀਆਂ। ਅੱਜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਹਲਕਾ ਧੂਰੀ, ਮਹਿਲ ਕਲਾਂ, ਮਾਲੇਰਕੋਟਲਾ ਦੇ 40 ਅਜਿਹੇ ਪਿੰਡਾਂ ਦੀ ਸ਼ਨਾਖ਼ਤ ਕੀਤੀ ਹੈ, ਜਿੱਥੇ ਪਾਣੀ ਦਾ ਪੱਧਰ ਬਹੁਤ ਨੀਂਵਾ ਚਲਾ ਗਿਆ ਹੈ ਅਤੇ ਅਗਲੇ ਕੁੱਝ ਸਾਲਾਂ ਵਿੱਚ ਇਹ ਪਿੰਡ ਮਾਰੂਥਲਾਂ ਵਾਂਗ ਪਾਣੀ ਨੂੰ ਤਰਸਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਹੁਣ ਤੱਕ 40 ਪਿੰਡਾਂ ਦੇ ਕਿਸਾਨਾਂ ਤੱਕ ਪਹੁੰਚ ਕਰਕੇ ਨਹਿਰੀ ਪਾਣੀ ਦੀ ਜਥੇਬੰਦੀ ਵੱਲੋਂ ਲੜੀ ਜਾ ਰਹੀ ਲੜਾਈ ਵਿੱਚ ਡਟਕੇ ਸ਼ਮੂਲੀਅਤ ਕਰਨ ਦਾ ਸੱਦਾ ਦੇ ਚੁੱਕੇ ਹਨ। ਉਨ੍ਹਾਂ ਕਨਵੈਨਸ਼ਨ ਵਿੱਚ ਕਿਸਾਨਾਂ ਨੂੰ ਵਧ ਚੜ੍ਹਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਇਸ ਮੌਕੇ ਕਿਸਾਨ ਆਗੂ ਲਛਮਣ ਸਿੰਘ ਰੂੜਗੜ੍ਹ, ਸਾਬਕਾ ਸਰਪੰਚ ਦਲਵਾਰਾ ਸਿੰਘ ਫਰਵਾਹੀ ਤੇ ਹਰਭਜਨ ਸਿੰਘ ਕਲੇਰਾਂ ਆਦਿ ਨੇ ਸੰਬੋਧਨ ਕੀਤਾ।