ਬੀਰਬਲ ਰਿਸ਼ੀ
ਸ਼ੇਰਪੁਰ, 11 ਸਤੰਬਰ
ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ 17 ਸਤੰਬਰ ਨੂੰ ਪਿੰਡ ਕਾਤਰੋਂ ਵਿੱਚ ਕੀਤੀ ਜਾ ਰਹੀ ਕਿਸਾਨ ਕਾਨਫਰੰਸ ਦੀਆਂ ਜ਼ੋਰਦਾਰ ਤਿਆਰੀਆਂ ਵਜੋਂ ਅੱਜ ਕੇਕੇਯੂ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਅੱਜ ਪਿੰਡ ਬਮਾਲ, ਘਨੌਰ, ਫਰਵਾਹੀ, ਰਾਮਨਗਰ ਛੰਨਾਂ ਸਮੇਤ ਛੇ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ ਕੀਤੀਆਂ। ਮੀਟਿੰਗਾਂ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ 17 ਦੀ ਕਾਤਰੋਂ ਕਨਵੈਨਸ਼ਨ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਡੂੰਘੇ ਜਾ ਰਹੇ ਪਾਣੀ ਵੱਡੀ ਸਮੱਸਿਆ ਦੀ ਗੰਭੀਰਤਾ ਨੂੰ ਸਮਝਦੇ ਹੋਏ ਕਿਸਾਨ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਕਿਸਾਨ ਜਥੇਬੰਦੀ ਨੂੰ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਇਹ ਮੰਗ ਪਹੁੰਚਾ ਦਿੱਤੀ ਹੈ ਜਿਸ ਮਗਰੋਂ 40 ਪਿੰਡਾਂ ਦੇ ਕਿਸਾਨਾਂ ਦੀ ਨਹਿਰੀ ਪਾਣੀ ਨੂੰ ਲੈ ਕੇ ਲਾਮਬੰਦੀ ਕੀਤੀ ਜਾ ਚੁੱਕੀ ਹੈ ਪਰ ਸਰਕਾਰ ਦੀ ਤਰਫ਼ੋ ਹਾਲੇ ਕੋਈ ਠੋਸ ਹੁੰਗਾਰਾ ਨਹੀਂ ਮਿਲਿਆ ਉਂਜ ਮੁੱਖ ਮੰਤਰੀ ਦੀ ਭੈਣ ਤੇ ਇੱਕ ਵਿਧਾਇਕ ਨੇ ਇਸ ਮਾਮਲੇ ’ਤੇ ਅਖਬਾਰਾਂ ਰਾਹੀਂ ਹਾਂ-ਪੱਖੀ ਰਵੱਈਏ ਦੇ ਸੰਕੇਤ ਜ਼ਰੂਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਵਿਚਾਰ ਅਧੀਨ ਹੈ ਕਿ 17 ਦੀ ਕਨਵੈਨਸ਼ਨ ਮੌਕੇ ਅਗਲੇ ਸੰਘਰਸ਼ ਦੀ ਵਿਉਂਤਬੰਦੀ ਦਾ ਐਲਾਨ ਕੀਤਾ ਜਾਵੇ।