ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਜੂਨ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਪਲੇਠਾ ਬਜਟ ਮੁਲਾਜ਼ਮ ਵਿਰੋਧੀ ਤੇ ਮੋਦੀ ਹਕੂਮਤ ਦੀ ਨਵੀਂ ਸਿੱਖਿਆ ਨੀਤੀ 2020 ਦੀਆਂ ਨਿੱਜੀਕਰਨ ਪੱਖੀ, ਲੋਕ ਵਿਰੋਧੀ ਨੀਤੀਆਂ ਨੂੰ ਸਾਜ਼ਿਸ਼ੀ ਢੰਗ ਨਾਲ ਲਾਗੂ ਕਰਨ ਵਾਲ਼ਾ, ਮੁਲਾਜ਼ਮ ਵਿਰੋਧੀ ਅਤੇ ਕੀਤੇ ਵਾਅਦਿਆਂ ਤੋਂ ਉਲਟ ਕਰਾਰ ਦਿੱਤਾ ਹੈ। ਅਧਿਆਪਕ ਆਗੂਆਂ ਨੇ ਬਜਟ ਨੂੰ ਮੁਲਾਜ਼ਮ ਤੇ ਅਧਿਆਪਕ ਵਿਰੋਧੀ ਕਰਾਰ ਦਿੰਦਿਆਂ ਆਪਣੇ ਹੱਕਾਂ ਹਿਤਾਂ ਦੀ ਪੂਰਤੀ ਲਈ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ ਹੈ।
ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸਕੱਤਰ ਸਰਵਣ ਸਿੰਘ ਔਜਨਾ ਨੇ ਕਿਹਾ ਕਿ ਬਜਟ ਵਿੱਚ ਪੰਜਾਬ ਦੇ ਅਧਿਆਪਕਾਂ ਦੀ ਸੁੱਖ ਸਹੂਲਤ ਤੇ ਉਚੇਰੇ ਵਿੱਦਿਅਕ ਮਿਆਰਾਂ ਲਈ ਕੋਈ ਮੱਦ ਨਹੀਂ ਹੈ। ਉਨ੍ਹਾਂ ਆਖਿਆ ਕਿ ‘ਆਪ’ ਸਰਕਾਰ ਵੱਲੋਂ ਰਾਜ ਸੱਤਾ ਹਾਸਲ ਕਰਨ ਲਈ ਅਧਿਆਪਕ ਵਰਗ ਨਾਲ਼ ਕੀਤੇ ਵਾਅਦਿਆਂ ਨੂੰ ਬਜਟ ਵਿੱਚ ਮੂਲੋਂ ਹੀ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਤੇ ਹਰਭਗਵਾਨ ਗੁਰਨੇ ਨੇ ਸਪੱਸ਼ਟ ਕੀਤਾ ਕਿ ਬਜਟ ਵਿੱਚ ਆਪ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਇਸ ਬਜਟ ਵਿੱਚ ਪੈਨਸ਼ਨ ਬਹਾਲੀ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ।
ਜ਼ਿਲ੍ਹਾ ਵਿੱਤ ਸਕੱਤਰ ਪਰਮਿੰਦਰ ਉਭਾਵਾਲ ਨੇ ਆਖਿਆ ਕਿ ਮੈਨੀਫੈਸਟੋ ਵਿਚਲੇ ਮੁਲਾਜ਼ਮਾਂ ਦੇ ਨਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨ ਦੇ ਕੀਤੇ ਵਾਅਦੇ ਨੂੰ ਵੀ ਬਜਟ ਵਿੱਚ ਛੂਹਿਆ ਤੱਕ ਨਹੀਂ ਗਿਆ।