ਸਰਬਜੀਤ ਸਿੰਘ ਭੰੰਗੂ
ਪਟਿਆਲਾ, 7 ਮਾਰਚ
ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਅਤੇ ਹਰਿਆਣਾ ਦੀ ਨੁਮਾਇੰਦਗੀ ਖਤਮ ਕਰਨ ਸਬੰਧੀ ਲਏ ਫੈਸਲੇ ਦੇ ਵਿਰੋਧ ਸਮੇਤ ਹੋਰ ਕਿਸਾਨੀ ਮਸਲਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਮੁੜ ਇੱਕਜੁਟ ਹੋਈਆਂ 25 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਕਿਸਾਨਾਂ ਨੇ ਪੰਜਾਬ ਭਰ ’ਚ ਜ਼ਿਲ੍ਹਾ ਹੈਡਕੁਆਟਰਾਂ ’ਤੇ ਧਰਨੇ ਦਿੱਤੇ ਗਏ। ਇਸ ਦੌਰਾਨ ਕੇਂਦਰੀ ਹਕੂਮਤ ਖਿਲਾਫ਼ ਰੋਸ ਮੁਜ਼ਾਹਰੇ ਕਰਦਿਆਂ, ਅਜਿਹੀਆਂ ਸਰਗਰਮੀਆਂ ਨੂੰ ਭਾਜਪਾ ਦਾ ਕੇਂਦਰੀਕਰਨ ਦਾ ਏਜੰਡਾ ਗਰਦਾਨਿਆ। ਚੋੋਣਾਂ ਮਗਰੋਂ ਕਿਸਾਨ ਧਿਰਾਂ ਵੱਲੋਂ ਇਸ ਕਦਰ ਕੀਤਾ ਗਿਆ ਇਹ ਪਲੇਠਾ ਵੱਡਾ ’ਤੇ ਸਾਂਝਾ ਐਕਸ਼ਨ ਹੈ ਜਿਸ ਨੂੰ ਰੋਕਣ ਲਈ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਲਾਮਬੰਦ ਹੋਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ।
ਇਸੇ ਕੜੀ ਵਜੋਂ ਅੱਜ ਹੀ ਪਟਿਆਲਾ ਵਿਖੇ ਵੀ ਡੀਸੀ ਦਫਤਰ ਦੇ ਬਾਹਰ ਕਿਸਾਨਾ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਕੇਂਦਰ ਸਰਕਾਰ ਨੂੰ ਖੂਬ ਕੋਸਿਆ ਗਿਆ। ਅੱਜ ਦੇ ਇਸ ਐਕਸ਼ਨ ਦੀ ਅਗਵਾਈ ਗੁਰਮੇਲ ਢਕੜੱਬਾ, ਦਵਿੰਦਰ ਪੂਨੀਆ, ਮਨਜਿੰਦਰ ਬੁੱਟਰ, ਪੂਰਨ ਚੰਦ ਨਨਹੇੜਾ, ਗੁਰਚਰਨ ਪਰੋੜ, ਪਵਨ ਸੋਗਲਪੁਰ, ਰਣਜੀਤ ਸਿੰਘ, ਕ੍ਰਿਪਾਲ ਸਿੰਘ ਅਤੇ ਤਜਿੰਦਰ ਭਾਂਖਰਪੁਰ ਵੱਲੋਂ ਕੀਤੀ ਗਈ। ਜਿਸ ਦੌਰਾਨ ਸਤਨਾਮ ਬਹਿਰੂ, ਬੂਟਾ ਸਿੰਘ ਸ਼ਾਦੀਪੁਰ, ਰਾਮਿੰਦਰ ਸਿੰਘ ਪਟਿਆਲਾ, ਕੁਲਵੰਤ ਸਿੰਘ ਮੌਲਵੀਵਾਲਾ, ਰਾਮ ਸਿੰਘ ਮਟੋਰਡਾ, ਰਾਜ਼ ਕਿ੍ਸ਼ਨ ਆਦਿ ਪ੍ਰਮੁੱਖ ਆਗੂਆਂ ਨੇ ਵੀ ਸ਼ਿਰਕਤ ਕੀਤੀ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਕਿਸਾਨ-ਮਜ਼ਦੂਰਾਂ ਵਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੇ ਫੈਸਲੇ ਖਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਵਿਸ਼ਾਲ ਰੋਸ ਮਾਰਚ ਕਰਦਿਆਂ ਕੇਂਦਰ ਸਰਕਾਰ ਦੀ ਪੰਜਾਬ ਨਾਲ ਧੱਕੇਸ਼ਾਹੀ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
23 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਸਥਾਨਕ ਰੇਲਵੇ ਸਟੇਸ਼ਨ ਨੇੜੇ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦਿਆਂ ਡੀ.ਸੀ. ਦਫ਼ਤਰ ਅੱਗੇ ਪੁੱਜੇ ਅਤੇ ਆਵਾਜਾਈ ਠੱਪ ਕਰਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਗੁਰਮੀਤ ਸਿੰਘ ਭੱਟੀਵਾਲ , ਭੂਪਿੰਦਰ ਸਿੰਘ ਲੌਂਗੋਵਾਲ ਸਮੇਤ ਹੋਰਨਾਂ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਦੇ ਹਰ ਖੇਤਰ ਵਿੱਚ ਕਬਜ਼ਾ ਕਰਨਾ ਚਾਹੁੰਦੀ ਹੈ। ਪੰਜਾਬ ਦੇ ਆਮਦਨ ਸਰੋਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੀ ਹੈ। ਪੰਜਾਬ ਪੁਨਰ ਗਠਨ ਐਕਟ 1966 ਦੀ ਧਾਰਾ 79(2) ਦੀ ਉਲੰਘਣਾ ਕਰ ਕੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ।
ਬੀ.ਕੇ.ਯੂ ਏਕਤਾ (ਸਿੱਧੂਪੁਰ) ਵੱਲੋਂ ਬੀਬੀਐਮਬੀ ਵਿੱਚ ਪੰਜਾਬ ਦੀ ਸਥਾਈ ਮੈਂਬਰੀ ਬਹਾਲ ਕਰਨ ਦੀ ਮੰਗ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਬਲਾਕ ਪੱਧਰੀ ਮੀਟਿੰਗ ਗੁਰਦੇਵ ਸਿੰਘ ਜੰਡੌਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਤਰਲੋਚਨ ਸਿੰਘ ਨੰਡਿਆਲੀ, ਉਜਾਗਰ ਸਿੰਘ ਧਮੌਲੀ, ਹਰਜੀਤ ਸਿੰਘ, ਜਸਮੇਰ ਸਿੰਘ ਕਬੂਲਪੁਰ ਅਤੇ ਭਗਵਾਨ ਸਿੰਘ ਖਾਲਸਾ ਹਰਪਾਲਪੁਰ ਸਮੇਤ ਹੋਰਨਾਂ ਨੇ ਭਾਗ ਲਿਆ। ਇਸ ਮੌਕੇ ਪੁੱਜੇ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ ਨੇ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਬੀਬੀਐਮਬੀ ਵਿੱਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਮੋਦੀ ਸਰਕਾਰ ਅਜਿਹਾ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਰ ਰਹੀ ਹੈ। ਮਾਨ ਸਿੰਘ ਸਮੇਤ ਹੋਰਨਾਂ ਬੁਲਾਰਿਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਸਿਲੇਬਸ ਵਿੱਚ ਗੁਰੂਆਂ ਸਬੰਧੀ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਖਿਲਾਫ ਬਲਦੇਵ ਸਿੰਘ ਸਿਰਸਾ ਵੱਲੋਂ ਬੋਰਡ ਦੇ ਮੁੱਖ ਦਫਤਰ ਮੂਹਰੇ ਦਿੱਤੇ ਜਾ ਰਹੇ ਧਰਨੇ ਵਿੱਚ ਜਥੇਬੰਦੀ ਦੇ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਬੀਬੀਐਮਬੀ ਵਿੱਚ ਪੰਜਾਬ ਦੀ ਸਥਾਈ ਮੈਂਬਰੀ ਬਹਾਲ ਕਰੇ। ਇਸ ਮੌਕੇ ਗੁਲਜਾਰ ਸਿੰਘ ਢੀਂਡਸਾਂ, ਹਰਪ੍ਰੀਤ ਸਿੰਘ ਮਦਨਪੁਰ, ਹਰਜੀਤ ਸਿੰਘ, ਮਨਜੀਤ ਸਿੰਘ ਥੂਹਾ ਅਤੇ ਦਲਜੀਤ ਸਿੰਘ ਚਮਾਰੂ ਨੇ ਵਿਚਾਰ ਪ੍ਰਗਟ ਕੀਤੇ।
ਕਿਸਾਨਾਂ ਨੇ ਧਰਨੇ ਉਪਰੰਤ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਮਾਲੇਰਕੋਟਲ (ਹੁਸ਼ਿਆਰ ਸਿੰਘ ਰਾਣੂ): ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸਰਗਰਮ ਕਾਰਕੁਨਾਂ ਅਤੇ ਕਿਸਾਨਾਂ ਨੇ ਬੂਟਾ ਖਾਂ, ਜਗਦੇਵ ਸਿੰਘ ਚੌਂਦਾ ਅਤੇ ਪ੍ਰਦੁਮਣ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ‘ਚ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ‘ਤੇ ਵਿਰੋਧ ਜਤਾਇਆ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ,ਅਮਰਜੀਤ ਸਿੰਘ ਰੋਹਣੋ, ਰਣਜੀਤ ਸਿੰਘ ਬਿੰਜੋਕੀ, ਭਰਪੂਰ ਸਿੰਘ ਬੂਲਾਪੁਰ, ਗੁਰਧਿਆਨ ਸਿੰਘ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਟਾਕਰਾ ਇਕਜੁੱਟ ਹੋ ਕੇ ਹੀ ਕੀਤਾ ਜਾ ਸਕਦਾ ਹੈ। ਧਰਨੇ ਨੂੰ ਮੁੰਹਮਦ ਖਲੀਲ ਦਲੇਲਗੜ੍ਹ, ਜਗਦੀਸ਼ ਸਿੰਘ ਘੁੰਮਣ ,ਅਬਦੁੱਲ ਸਤਾਰ , ਸੁਰਿੰਦਰ ਭੈਣੀ, ਬਲਜੀਤ ਸਿੰਘ ਬਿਜਲੀ ਮੁਲਾਜ਼ਮ ਆਗੂ, ਅਲੀ ਮੁਹੰਮਦ ਅਤੇ ਹਰੀ ਕਰਨ ਸਿੰਘ, ਗੁਲਜ਼ਾਰ ਖਾਂ ਰੋਡਵੇਜ਼ ਮੁਲਾਜ਼ਮ ਆਗੂ, ਕੁਲਵੰਤ ਸਿੰਘ ਚੌਂਦਾ ਅਤੇ ਹਰਬੰਸ ਲਾਲ ਭੁਰਥਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਉਪਰੰਤ ਕਿਸਾਨ ਆਗੁਆਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ।