ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 17 ਜੁਲਾਈ
ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਅਤੇ ਨੌਜਵਾਨ ਵਿਦਿਆਰਥੀ ਸਭਾ ਵੱਲੋਂ ਸਾਂਝੇ ਤੌਰ ’ਤੇ ਪ੍ਰਿਥੀਪਾਲ ਸਿੰਘ ਰੰਧਾਵਾ ਦੇ 42ਵੇਂ ਸ਼ਹੀਦੀ ਦਿਹਾੜੇ ਮੌਕੇ ਭਰਵੀਂ ਇਕੱਤਰਤਾ ਕੀਤੀ ਗਈ। ਇਸ ਮੌਕੇ ਨੌਜਵਾਨ ਵਿਦਿਆਰਥੀ ਸਭਾ ਦੇ ਆਗੂ ਦਰਸ਼ਨ ਸਿੰਘ ਸੁਨਾਮ ਅਤੇ ਪੀਐਸਯੂ ਆਗੂ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿਹਾ ਕਿ ਸ਼ਹੀਦ ਰੰਧਾਵਾ ਨੇ ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਨੂੰ ਸੰਘਰਸ਼ਾਂ ਦੀ ਚਿਣਗ ਲਾਈ, ਜੱਥੇਬੰਦ ਹੋਣ ਦਾ ਰਾਹ ਦਿਖਾਇਆ। ਉਨ੍ਹਾਂ ਕਿਹਾ ਕਿ ਇਸ ਵਿਦਿਆਰਥੀ ਆਗੂ ਨੂੰ 18 ਜੁਲਾਈ 1979 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਰੰਧਾਵਾ ਦੀ ਸ਼ਹੀਦੀ ਤੋਂ ਸੇਧ ਲੈ ਕੇ ਵਿਦਿਆਰਥੀ ਵਿਰੋਧੀ ਅਤੇ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਡੱਟਣਾ ਹਰੇਕ ਵਿਦਿਆਰਥੀ ਦਾ ਫਰਜ਼ ਹੈ। ਬੁਲਾਰਿਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 10 ਫੀਸਦੀ ਫੀਸਾਂ ਵਿੱਚ ਵਾਧਾ,ਐਸ ਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ, ਸਿਖਿਆ ਤੇ ਜੀਐਸਟੀ ਲਾਉਣ ਆਦਿ ਮੰਗਾਂ ਤੇ ਸੰਘਰਸ਼ ਮਘਾਉਣ ਦਾ ਸੱਦਾ ਦਿੱਤਾ।