ਬੀਰਬਲ ਰਿਸ਼ੀ
ਸ਼ੇਰਪੁਰ, 4 ਮਈ
ਲੋਕ ਮੋਰਚਾ ਪੰਜਾਬ ਦੇ ਸੂਬਾਈ ਆਗੂ ਸਤਨਾਮ ਦੀਵਾਨਾ ਨੇ ਕਿਹਾ ਹੈ ਕਿ ਭਾਜਪਾ ਦੀ ਕਥਿਤ ਸ਼ਹਿ ਪ੍ਰਾਪਤ ਫ਼ਿਰਕੂ ਤਾਕਤਾਂ ਵੱਲੋਂ ਇੱਕ ਵਾਰ ਫੇਰ ਮੱਧ ਪ੍ਰਦੇਸ਼, ਗੁਜਰਾਤ ਅਤੇ ਦਿੱਲੀ ਵਰਗੇ ਸੂਬਿਆਂ ਵਿੱਚ ਘੱਟ ਗਿਣਤੀ ਲੋਕਾਂ ਖ਼ਿਲਾਫ਼ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਸੌੜੇ ਸਿਆਸੀ ਮੰਤਵਾਂ ਤਹਿਤ ਲੋਕਾਂ ਦੀ ਭਾਈਚਾਰਕ ਸਾਂਝ ਦੀ ਬਲੀ ਦੇਣ ਦੀ ਰਣਨੀਤੀ ਖਿਲਾਫ਼ ਲੋਕ ਮੋਰਚਾ ਪੰਜਾਬ ਸਮਾਜ ਦੇ ਸਭਨਾਂ ਤਬਕਿਆਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਾ ਹੈ।
ਬਲਾਕ ਸ਼ੇਰਪੁਰ ਦੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਅਤੇ ਗੰਡੇਵਾਲ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਦੀਵਾਨਾ ਨੇ ਕਿਹਾ ਕਿ ਕਿਸਾਨ ਸੰਘਰਸ਼ ਨੇ ਪਿਛਲੇ ਸਮੇਂ ਅੰਦਰ ਅਨੇਕਾਂ ਥਾਵਾਂ ’ਤੇ ਲੋਕਾਂ ਦੀ ਭਾਈਚਾਰਕ ਸਾਂਝ ਵਿਚਲੀਆਂ ਦੁਫੇੜਾਂ ਨੂੰ ਮੱਧਮ ਪਾ ਕੇ ਹਕੀਕੀ ਲੋਕ ਸਾਂਝ ਉਭਾਰੀ ਸੀ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਪਹਿਲਾਂ ਹੀ ਮੁਨਾਫ਼ਾਯੁਕਤ 46 ਜਨਤਕ ਖੇਤਰ ਦੇ ਅਦਾਰੇ ਵੇਚਣ ਦੀ ਯੋਜਨਾ ਤਿਆਰ ਕਰ ਰਹੀ ਹੈ। ਭਾਰਤੀ ਜੀਵਨ ਬੀਮਾ ਵਿੱਚ ਅਪਨਿਵੇਸ਼ ਇਸ ਲੜੀ ਅੰਦਰ ਤਾਜ਼ਾ ਕਦਮ ਹੈ। ਲੋਕ ਰੋਹ ਕਾਰਨ ਵਾਪਸ ਲਏ ਗਏ ਖੇਤੀ ਕਾਨੂੰਨਾਂ ਨੂੰ ਵੀ ਮੁੜ ਲਿਆਉਣ ਲਈ ਰੱਸੇ ਵੱਟੇ ਜਾ ਰਹੇ ਹਨ। ਜਨਤਕ ਸੰਪਤੀ ਅਤੇ ਖ਼ਜ਼ਾਨੇ ਵਿੱਚੋਂ ਸਾਮਰਾਜੀਆਂ ਅਤੇ ਵੱਡੇ ਕਾਰਪੋਰੇਟਾਂ ਨੂੰ ਅਥਾਹ ਛੋਟਾਂ, ਮੁਨਾਫ਼ੇ ਅਤੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਆਗੂ ਅਨੁਸਾਰ ਦਿੱਲੀ ਵਿੱਚ ਵੀ ਇੱਕ ਧਾਰਮਿਕ ਸਮਾਗ਼ਮ ਦੌਰਾਨ ਫਿਰਕੂ ਹਿੰਸਾ ਹੋਈ। ਲੋਕ ਮੋਰਚਾ ਪੰਜਾਬ ਦੇ ਆਗੂ ਹਰਦੀਪ ਸਿੰਘ ਟੱਲੇਵਾਲ ਨੇ ਲੋਕਾਂ ਨੂੰ ਇਨ੍ਹਾਂ ਫਿਰਕੂ ਤਾਕਤਾਂ ਵਿਰੁੱਧ ਡਟਣ ਦਾ ਹੋਕਾ ਦਿੱਤਾ।
ਮੀਟਿੰਗਾਂ ਨੂੰ ਈਸ਼ਰਪਾਲ ਸਿੰਘ, ਭਰਪੂਰ ਸਿੰਘ, ਕੁਲਵੰਤ ਸਿੰਘ, ਬੂਟਾ ਸਿੰਘ, ਨਿਰਮਲ ਸਿੰਘ, ਨਾਜਰ ਸਿੰਘ ਗੰਡੇਵਾਲ ਆਦਿ ਨੇ ਸੰਬੋਧਨ ਕੀਤਾ।