ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਮਈ
ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ ਕੋਵਿਡ ਵਿਰੁੱਧ ਘਰ-ਘਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਐਂਮਰਜੈਂਸੀ ਜਾਂ ਸਖ਼ਤ ਜ਼ਰੂਰਤ ਦੀ ਸਥਿਤੀ ਵਿੱਚ ਲੋਕਾਂ ਦੀ ਸਹੂਲਤ ਲਈ ਦੋ ਆਕਸੀਜਨ ਕੰਸਨਟਰੇਟਰਜ਼ ਵਾਲੀ ਐਂਬੂਲੈਂਸ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਵਿਜੈਇੰਦਰ ਸਿੰਗਲਾ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਵਾਲੰਟੀਅਰਾਂ ਦੀ ਸਮਰਪਿਤ ਟੀਮ ਘਰ-ਘਰ ਜਾ ਕੇ ਲੋਕਾਂ ਨੂੰ ਕੋਵਿਡ ਵਿਰੁੱਧ ਉਨ੍ਹਾਂ ਦੇ ਭਰਮ ਭੁਲੇਖੇ ਦੂਰ ਕਰਨ ਲਈ ਜਾਗਰੂਕ ਕਰੇਗੀ। ਲੋਕਾਂ ਨੂੰ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਕੋਵਿਡ ਤੋਂ ਬਚਾਅ ਲਈ ਜ਼ਰੂਰੀ ਵਸਤਾਂ ਵਾਲੀ ‘ਕੋਵਿਡ ਕਿੱਟ’ ਅਤੇ ਕੋਵਿਡ ਬਾਰੇ ਸਮੁੱਚੀ ਜਾਣਕਾਰੀ ਮੁਹੱਈਆ ਕਰਾਉਣ ਵਾਲੀ ‘ਬੁੱਕ ਲੇਟ’ ਵੀ ਵੰਡੇਗੀ। ਇਸ ਤੋਂ ਇਲਾਵਾ ਅੱਜ ਸ਼ੁਰੂ ਕੀਤੀ ਦੋ ਆਕਸੀਜਨ ਕੰਸਨਟਰੇਟਰਜ਼ ਵਾਲੀ ਐਂਬੂਲੈਂਸ ਸੇਵਾ ਬੇਹੱਦ ਮਹੱਤਵਪੂਰਨ ਹੈ। ਹੈਲਪਲਾਈਨ ਨੰਬਰ 88981-00004 ’ਤੇ ਕਾਲ ਕਰਕੇ ਐਂਮਰਜੈਂਸੀ ਜਾਂ ਸਖਤ ਜ਼ਰੂਰਤ ਵੇਲੇ ਐਂਬੂਲੈਂਸ ਬੁਲਾਈ ਜਾ ਸਕਦੀ ਹੈ। ਸਿੰਗਲਾ ਨੇ ਕਿਹਾ ਕਿ ਕੋਵਿਡ ਬਾਰ ਰੂਮ ਅਤੇ ਹੈਲਪਲਾਈਨ ਨੰਬਰ 24 ਘੰਟੇ ਪਹਿਲਾਂ ਹੀ ਲੋਕਾਂ ਨੂੰ ਸਹੂਲਤ ਪ੍ਰਦਾਨ ਕਰ ਰਿਹਾ ਹੈ। ਹੈਲਪਲਾਈਨ ਨੰਬਰ ’ਤੇ ਬਿਸਤਰੇ, ਆਕਸੀਜਨ, ਵੈਕਸੀਨ ਅਤੇ ਦਵਾਈ ਦੀ ਮੰਗ ਸਬੰਧੀ 200 ਕਾਲਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ’ਚੋਂ 189 ਕਾਲਾਂ ’ਤੇ ਮੰਗ ਪੂਰੀ ਕੀਤੀ ਜਾ ਚੁੱਕੀ ਹੈ। ਡਿਜੀਟਲ ਖੇਤਰ ਦੀ ਵਰਤੋਂ ਕਰਦਿਆਂ ਸਵਾਲਾਂ ਦਾ ਤੁਰੰਤ ਜਵਾਬ ਦੇਣ ਲਈ ਇੱਕ ‘ਚੈਟਬੌਟ’ ਲੋਕਾਂ ਦੀ ਸਹਾਇਤਾ ਲਈ 24 ਘੰਟੇ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ/ਚਾਰ ਮਹੀਨਿਆਂ ਦੌਰਾਨ ਸੰਗਰੂਰ ਹਲਕੇ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਟੀਚਾ ਮਿਥ ਰਹੇ ਹਾਂ ਤਾਂ ਜੋ ਹਲਕੇ ਦੇ ਹਰ ਵਿਅਕਤੀ ਨੂੰ ਕੋਵਿਡ ਤੋਂ ਬਚਾਅ ਲਈ ਵੈਕਸੀਨ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਵਿੱਚ ਕੋਵਿਡ ਸਬੰਧੀ ਪੈਦਾ ਹੋ ਰਹੇ ਖਦਸ਼ਿਆਂ ਅਤੇ ਸਵਾਲਾਂ ਦੇ ਹੱਲ ਤੇ ਸਹੀ ਜਾਣਕਾਰੀ ਮੁਹੱਈਆ ਕਰਾਉਣ ਲਈ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਸ ’ਤੇ ‘ਆਸਕ ਦਿ ਕੋਵਿਡ ਐਕਸਪਰਟ’ ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਵਿੱਚ ਉਹ ਖੁਦ ਅਤੇ ਮਾਹਿਰ ਡਾਕਟਰ ਗੱਲਬਾਤ ਕਰਦੇ ਹਨ ਅਤੇ ਮਾਹਿਰ ਡਾਕਟਰ ਲੋਕਾਂ ਦੇ ਕੋਵਿਡ ਸਬੰਧੀ ਗਲਤ ਖਦਸ਼ੇ ਦੂਰ ਕਰਕੇ ਅਸਲ ਤੱਥ ਸਾਹਮਣੇ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ‘ਜ਼ਿੰਮੇਵਾਰ ਮੁਹਿੰਮ’ ਦੀ ਸ਼ੁਰੂਆਤ ਦਾ ਮੁੱਖ ਉਦੇਸ਼ ਕੋਵਿਡ ਮਹਾਮਾਰੀ ਦੌਰਾਨ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ।