ਪੱਤਰ ਪ੍ਰੇਰਕ
ਲਹਿਰਾਗਾਗਾ, 14 ਸਤੰਬਰ
ਹਲਕਾ ਲਹਿਰਾਗਾਗਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਇਥੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਦਫਤਰ ਵਿਖੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਕਮਿਸ਼ਨ ਲੈ ਕੇ ਏਸੀ ਕਮਰਿਆਂ ਵਿੱਚ ਬੈਠਣ ਵਾਲੇ ਠੇਕੇਦਾਰਾਂ ਨੂੰ ਮਾਲ ਦੀ ਢੋਆ ਢੁਆਈ ਸਬੰਧੀ ਟੈਂਡਰ ਦਿੰਦੀਆਂ ਰਹੀਆਂ। ਇਹ ਠੇਕੇਦਾਰ ਸਰਕਾਰ ਤੋਂ ਚਾਰ ਰੁਪਏ ਪ੍ਰਤੀ ਬੋਰੀ ਪ੍ਰਾਪਤ ਕਰ ਕੇ ਇਨ੍ਹਾਂ ਮਜ਼ਦੂਰਾਂ ਨੂੰ ਦੋ ਰੁਪਏ ਬੋਰੀ ਹੀ ਦਿੰਦੇ ਸਨ ਜਿਸ ਕਾਰਨ ਇਹ ਮਜ਼ਦੂਰ ਵਿਚਾਰੇ ਮਜਬੂਰੀ ਕਾਰਨ ਕੰਮ ਕਰਦੇ ਰਹੇ। ਲੇਕਿਨ ਹੁਣ ਇਸ ਸਰਕਾਰ ਵਿੱਚ ਅਜਿਹਾ ਨਹੀਂ ਚੱਲਣਾ। ਹੁਣ ਟੈਂਡਰਾਂ ਵਿਚੋਂ ਪੈਸੇ ਖਾਣ ਵਾਲਿਆਂ ਦੀ ਖੈਰ ਨਹੀਂ। ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਜੋ ਜੀਰੀ ਵਿੱਚੋਂ ਝਾੜਫੂਸ ਨਿਕਲਦਾ ਹੈ ਉਸ ਦਾ ਠੇਕੇਦਾਰ ਨੂੰ ਠੇਕਾ ਦਿੱਤਾ ਜਾਂਦਾ ਸੀ। ਪੱਲੇਦਾਰ ਯੂਨੀਅਨ ਦੇ ਸਕੱਤਰ ਨਸੀਬ ਸਿੰਘ ਅਤੇ ਪ੍ਰਧਾਨ ਤੇਜਾ ਸਿੰਘ ਨੇ ਵਿਧਾਇਕ ਬਰਿੰਦਰ ਗੋਇਲ ਤੋਂ ਮੰਗ ਕਰਦਿਆਂ ਕਿਹਾ ਕਿ ਪੱਕੇ ਤੌਰ ’ਤੇ ਦਫ਼ਤਰ ਬਣਾਇਆ ਜਾਵੇ ਅਤੇ ਟੈਂਡਰ ਕਮੇਟੀ ਬਣਾ ਕੇ ਸਿੱਧੇ ਰੂਪ ਵਿੱਚ ਦਿੱਤੇ ਜਾਣ। ਇਸ ਸਬੰਧੀ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ। ਇਸ ਸਮੇਂ ਉਨ੍ਹਾਂ ਨਾਲ ਪੀਏ ਰਾਕੇਸ਼ ਕੁਮਾਰ ਗੁਪਤਾ, ਆਪ ਆਗੂ ਦੀਪਕ ਜੈਨ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ, ਵਰਿੰਦਰ ਸਿੰਘ ਧੱਕੜ ਸਮੇਤ ਹੋਰ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ।
ਮੂਨਕ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਹਲਕਾ ਲਹਿਰਾਗਾਗਾ ਵਿਧਾਇਕ ਵਰਿੰਦਰ ਗੋਇਲ ਹਲਕੇ ਦੇ ਲੋਕਾਂ ਦੀਆਂ ਮਾਰਕੀਟ ਕਮੇਟੀ ਦਫਤਰ ਮੂਨਕ ਵਿਖੇ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਵਿਸ਼ਵਾਸ ਦਿੱਤਾ ਗਿਆ ਕਿ ਜਲਦ ਹੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਗੌਰਵ ਗੋਇਲ ਬੱਬੂ ਸਿੰਗਲਾ, ਸਤੀਸ਼ ਗੋਇਲ, ਕਾਲਾ ਸ਼ਰਮਾ ਵਬਲੀ ਸਰਪੰਚ, ਪ੍ਰੇਮ ਸਿੰਘ ਕੋਹਲੀ ਗੁਰਜੰਟ ਸਿੰਘ ਸੈਣੀ ਆਦਿ ਹਾਜ਼ਰ ਸਨ।