ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 12 ਦਸੰਬਰ
ਦਿੜ੍ਹਬਾ ਨੇੜਲੇ ਪਿੰਡ ਖਨਾਲਖੁਰਦ ਦੇ ਵਾਸੀ ਤੇ ਕੌਮਾਂਤਰੀ ਮੁੱਕੇਬਾਜ਼ ਸੂਬੇਦਾਰ ਕੌਰ ਸਿੰਘ ਖਨਾਲਖੁਰਦ ਨੇ ਵੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤ ਸਰਕਾਰ ਵੱਲੋਂ ਮਿਲੇ ਆਪਣੇ ਸਾਰੇ ਐਵਾਰਡ ਵਾਪਸ ਕਰਕੇ ਮੋਦੀ ਸਰਕਾਰ ਪ੍ਰਤੀ ਰੋਸ ਜ਼ਾਹਿਰ ਕੀਤਾ ਹੈ।
ਸੂਬੇਦਾਰ ਕੌਰ ਸਿੰਘ ਨੇ ਕਿਹਾ ਕਿ ਉਸ ਨੇ ਲੰਮਾਂ ਸਮਾਂ ਫੌਜ ਵਿੱਚ ਨੌਕਰੀ ਕਰਨ ਦੇ ਨਾਲ-ਨਾਲ ਬਾਕਸਿੰਗ ਦੇ ਖੇਤਰ ਵਿੱਚ ਅਹਿਮ ਮੁਕਾਮ ਹਾਸਲ ਕੀਤਾ ਸੀ ਪਰ ਉਹ ਕਿਸਾਨ ਦਾ ਪੁੱਤਰ ਹੈ ਜੋ ਅੱਜ ਆਪਣੇ ਹੱਕਾਂ ਲਈ ਸੜਕਾਂ ’ਤੇ ਰੁਲ ਰਿਹਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਕਿਸਾਨ ਦੀ ਆਰਥਿਕ ਅਤੇ ਮਾਨਸਿਕ ਬਰਬਾਦੀ ਦਾ ਕਾਰਨ ਹਨ ਜਿਸ ਕਰਕੇ ਕਿਸਾਨਾਂ ਵੱਲੋਂ ਪੂਰੀ ਠੰਢ ਵਿੱਚ ਦਿੱਲੀ ਵਿੱਚ ਕਾਨੂੰਨ ਰੱਦ ਕਰਾਉਣ ਲਈ ਰੋਸ ਧਰਨਾ ਦਿੱਤਾ ਹੋਇਆ ਹੈ ਪਰ ਭਾਜਪਾ ਸਰਕਾਰ ਨੇ ਅੜੀ ਫੜੀ ਹੋਈ ਹੈ। ਇਸ ਕਰਕੇ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਭਾਰਤ ਸਰਕਾਰ ਵੱਲੋਂ ਮਿਲੇ ਸਾਰੇ ਐਵਾਰਡ ਵਾਪਸ ਕਰਕੇ ਦੇਸ਼ ਦੇ ਕਿਸਾਨਾਂ ਪ੍ਰਤੀ ਆਪਣੇ ਫਰਜ਼ਾਂ ਦੀ ਅਦਾਇਗੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕੌਰ ਸਿੰਘ ਨੇ ਮੁੱਕੇਬਾਜ਼ੀ ’ਚ ਨੈਸ਼ਨਲ ਤੇ ਇੰਟਰ ਨੈਸ਼ਨਲ ਵਿੱਚ ਦਸ ਗੋਲਡ ਮੈਡਲ ਜਿੱਤੇ ਹਨ।