ਬੀਰਬਲ ਰਿਸ਼ੀ
ਸ਼ੇਰਪੁਰ, 16 ਜੁਲਾਈ
ਸਰਕਾਰੀ ਪ੍ਰਾਇਮਰੀ ਸਕੂਲ ਗੁਰਬਖ਼ਸ਼ਪੁਰਾ ’ਚ ਲੱਗੀ ਮੋਟਰ ਦਾ ਬੋਰ ਪਾਣੀ ਦੇਣ ਤੋਂ ਜਵਾਬ ਦੇ ਗਿਆ ਜਿਸ ਮਗਰੋਂ ਗਰਮੀ ’ਚ ਹਾਲੋਂ-ਬੇਹਾਲ ਹੋਏ ਬੱਚਿਆਂ ਨੂੰ ਸਕੂਲ ਦੇ ਨੇੜਲੇ ਪਿੰਡ ਦੇ ਗੁਰਦੁਆਰੇ ਵਿਖੇ ਜਾ ਕੇ ਪਾਣੀ ਦੀ ਪਿਆਸ ਬੁਝਾਉਣੀ ਪੈਂਦੀ ਹੈ।
ਜਾਣਕਾਰੀ ਅਨੁਸਾਰ ਸਕੂਲ ਦੀ ਮੋਟਰ ਦੇ ਬੋਰ ’ਚ ਪਏ ਨੁਕਸ ਕਾਰਨ ਪਿਛਲੇ ਕਈ ਦਿਨਾਂ ਤੋਂ ਸਕੂਲੀ ਬੱਚੇ ਪਿੰਡ ਦੇ ਨੇੜਲੇ ਗੁਰਦੁਆਰੇ ਜਾਂਦੇ ਹਨ ਜਿੱਥੇ ਲਾਈਨਾਂ ਬਣਾ ਕੇ ਪਾਣੀ ਪੀਂਦੇ ਹਨ। ਬੱਚਿਆਂ ਲਈ ਮਿੱਡ-ਡੇਅ ਮੀਲ ਸਬੰਧੀ ਲੋੜੀਂਦਾ ਪਾਣੀ ਲੈਣ ਲਈ ਕੁੱਕ ਬੀਬੀਆਂ ਨੂੰ ਵੀ ਗੁਰੂ ਘਰ ਜਾਣਾ ਪੈਂਦਾ ਹੈ।
ਸੰਪਰਕ ਕਰਨ ’ਤੇ ਸਕੂਲ ਦੇ ਅਧਿਆਪਕ ਜਿੰਦ ਜਗਤਾਰ ਨੇ ਪੂਰੇ ਮਾਮਲੇ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਪੰਚਾਇਤ ਤੇ ਹੋਰ ਦਾਨੀ ਸੱਜਣਾਂ ਨੂੰ ਮਾਮਲੇ ਦੇ ਹੱਲ ਦੀ ਅਪੀਲ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਤੇ ਸਿਹਤ ਖੇਤਰ ਵਿੱਚ ਵੱਡੇ ਸੁਧਾਰਾਂ ਦੀ ਮੁੱਦਈ ਬਣ ਕੇ ਪੰਜਾਬ ਵਿੱਚ ਆਈ ਹੈ ਜਿਸ ਕਰਕੇ ਸਰਕਾਰੀ ਸਕੂਲਾਂ ਵਿੱਚ ਸ਼ੁੱਧ ਤੇ ਸਾਫ਼ ਪਾਣੀ ਜਿਹੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਸਰਕਾਰ ਤੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨਚਿੰਨ੍ਹ ਹੈ।
ਸਰਪੰਚ ਬੀਬੀ ਦੇ ਪਤੀ ਹਾਕਮ ਸਿੰਘ ਨੇ ਦੱਸਿਆ ਕਿ ਸਕੂਲ ਦਾ ਲੱਗਿਆ ਬੋਰ ਮਹਿਜ਼ ਦੋ ਕੁ ਸੌ ਫੁੱਟ ’ਤੇ ਹੈ ਪਰ ਇਲਾਕੇ ਵਿੱਚ ਪਾਣੀ ਡੂੰਘਾ ਹੋਣ ਕਾਰਨ ਇਹ ਸਮੱਸਿਆ ਆਈ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਬੱਚਿਆਂ ਲਈ ਪਾਣੀ ਵਾਲੀ ਟੈਂਕੀ ਭਰ ਕੇ ਸਕੂਲ ਵਿੱਚ ਖੜ੍ਹਾਉਂਦੇ ਹਨ ਅਤੇ ਛੇਤੀ ਹੀ ਬੋਰ ਲਗਾਉਣ ਦਾ ਵੀ ਇੰਤਜ਼ਾਮ ਕੀਤਾ ਜਾਵੇਗਾ।