ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 28 ਜੁਲਾਈ
ਮਾਲੇਰਕੋਟਲਾ ਦੀ ਬੂਟ ਬਣਾਉਣ ਵਾਲੀ ਸਟਾਰ ਇੰਪੈਕਟ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਯੂਨਸ ਮੁਹੰਮਦ ਨੇ ਇਥੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਦਿੱਲੀ ਵਿੱਚ ਵਿਸ਼ੇਸ਼ ਕਟਾਰੀਆ ਨਾਂ ਦਾ ਵਿਅਕਤੀ, ਜੋ ਬੂਟ ਵੇਚਣ ਦਾ ਕੰਮ ਕਰਦਾ ਹੈ, ਇਸ ਕੰਪਨੀ ਦਾ ਮਾਰਕਾ ਲਾ ਕੇ ਬੂਟ ਵੇਚ ਰਿਹਾ ਹੈ। ਜਿਸ ਨਾਲ ਉਨ੍ਹਾਂ ਦੀ ਕੰਪਨੀ ਸਟਾਰ ਇੰਪੈਕਟ ਪ੍ਰਾਈਵੇਟ ਲਿਮਟਿਡ ਦਾ ਨੁਕਸਾਨ ਹੋ ਰਿਹਾ ਹੈ। ਪੁਲੀਸ ਕਪਤਾਨ ਮਾਲੇਰਕੋਟਲਾ ਵੱਲੋਂ ਉਪ ਕਪਤਾਨ ਪੁਲੀਸ ਸਬ ਡਵੀਜਨ ਮਾਲੇਰਕੋਟਲਾ ਰਾਹੀਂ ਕਰਾਈ ਮੁੱਢਲੀ ਜਾਂਚ ਥਾਣੇਦਾਰ ਜਨਕ ਰਾਜ ਵੱਲੋਂ ਅਮਲ ਵਿੱਚ ਲਿਆ ਕੇ ਵਿਸ਼ੇਸ਼ ਕਟਾਰੀਆ ਵਾਸੀ ਨਾਰਥ ਵੈਸਟ ਰੋਹਨੀ ਨਵੀਂ ਦਿੱਲੀ ਨੂੰ ਗ੍ਰਿਫ਼ਤਾਰ ਕਰਕੇ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਰਿਮਾਂਡ ਦੌਰਾਨ ਪੁਲੀਸ ਵੱਲੋਂ ਮੁਲਜ਼ਮ ਤੋਂ ਸਟਾਰ ਇੰਪੈਕਟ ਕੰਪਨੀ ਦੇ ਮਾਰਕਾ ਦੇ ਯੋਗਰ ਬੂਟ 12 ਜੋੜੇ, ਸਪੋਰਟਸ ਬੂਟ 12 ਜੋੜੇ, ਫੁੱਟਬਾਲ ਸਟੱਡ 20 ਜੋੜੇ, ਆਨਲਾਈਨ ਫਲਿੱਪ ਕਾਰਡ ਨੂੰ ਡਲੀਵਰੀ ਕਰਨ ਸਬੰਧੀ ਬੂਟਾਂ ਦੇ 20 ਪੈਕਟ, ਬੂਟਾਂ ਦੇ ਅੱਪਰ 70 ਪੀਸ, ਬੂਟਾਂ ਦੇ ਈਵਾ ਸੋਲ 225 ਪੀਸ, ਸੈਗਾ ਬੂਟ ਸਕਰੀਨਾ 12 ਪੀਸ, ਸਟਿੱਕਰ 101 ਪੀਸ, ਸਲਿਪ ਪੈਟ, ਲੋਗੋ, ਡਿਲੀਵਰੀ ਚਲਾਨ, ਸੇਗਾ ਕੰਪਨੀ ਦੇ ਆਨਲਾਈਨ ਬਿੱਲ ਮਲਟੀ ਮੀਡੀਆ 32 ਪੋਸਟਰ, ਤਿਆਰ ਕਰਨ ਵਾਲੀਆਂ ਡਾਈਆਂ (ਸਾਂਚੇ) 8 ਤੇ ਹੋਰ ਸਾਮਾਨ ਬਰਾਮਦ ਕਰਵਾਏ ਗਏ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਸੱਟੜ 7700 ਪੀਸ, ਯੋਗਰ ਬੂਟ 9620 ਪੀਸ, ਚੱਪਲਾਂ 595 ਪੀਸ ਬਰਾਮਦ ਹੋਏ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਇਸ ਮਾਮਲੇ ਦੀ ਤਫ਼ਤੀਸ਼ ਅਜੇ ਜਾਰੀ ਹੈ।