ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਅਗਸਤ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਰੋਡ ਸੰਘਰਸ਼ ਕਮੇਟੀ ਸੰਤੋਖਪੁਰਾ ਵੱਲੋਂ ਬਲਾਕ ਮੀਤ ਪ੍ਰਧਾਨ ਜਗਤਾਰ ਲੱਡੀ, ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਅਤੇ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰ ਸਰਕਾਰ ਦੇ ਕਾਨੂੰਨਾਂ ਦੇ ਪੁਤਲੇ ਫੂਕੇ ਗਏ।
ਇੱਥੋਂ ਨੇੜਲੇ ਪਿੰਡ ਖੇੜੀ ਚੰਦਵਾਂ ਵਿੱਚ ਦਿੱਲੀ ਕੱਟੜਾ ਐਕਸਪ੍ਰੈੱਸਵੇਅ ਲਈ ਸਸਤੇ ਭਾਅ ’ਤੇ ਜਬਰੀ ਗ੍ਰਹਿਣ ਕੀਤੀ ਜਾ ਰਹੀ ਜ਼ਮੀਨ ਖਿਲਾਫ਼ ਪੱਕੇ ਧਰਨੇ ਵਿੱਚ ਪੁਤਲੇ ਫੂਕਣ ਉਪਰੰਤ ਆਗੂਆਂ ਨੇ ਦੱਸਿਆ ਕਿ ਅੱਜ ਕੱਲ੍ਹ ਕਿਰਤੀ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਸੜਕਾਂ ਉਪਰ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿੰਡ ਸੰਤੋਖਪੁਰਾ ਦੇ ਕਿਸਾਨਾਂ ਦੀਆ ਜ਼ਮੀਨਾਂ ਦਾ ਅਵਾਰਡ ਪੰਜਾਬ ਸਰਕਾਰ ਅਤੇ ਐੱਨਐੱਚਆਈ ਨੇ ਜਾਰੀ ਕਰਵਾਇਆ ਸੀ ਪਰ ਬਾਅਦ ਵਿੱਚ ਕਿਸਾਨਾਂ ਉਪਰ ਕੇਸ ਕਰ ਦਿੱਤੇ ਗਏ ਅਤੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਸੜਕ ਵਿੱਚ ਆਈਆਂ ਹਨ, ਉਨ੍ਹਾਂ ਦੀਆਂ ਜ਼ਮੀਨਾਂ ਧੱਕੇ ਨਾਲ ਦੱਬੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਖਿਲਾਫ਼ ਦਰਜ ਕੇਸ ਵਾਪਸ ਲਏ ਜਾਣ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਨੂੰ ਜ਼ਮੀਨਾਂ ਦੱਬਣ ਨਹੀਂ ਦੇਣ ਦਿੱਤੀਆਂ ਜਾਣਗੀਆਂ।
ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਆਗੂ ਹਰਮਨਪ੍ਰੀਤ ਸਿੰਘ ਸੰਤੋਖਪੁਰਾ, ਕੁਲਦੀਪ ਸਿੰਘ ਜਲਾਣ, ਗੁਰਪ੍ਰੀਤ ਸਿੰਘ ਸੰਤੋਖਪੁਰਾ, ਐਡਵੋਕੇਟ ਹਰਿੰਦਰ ਸਿੰਘ ਸੰਤੋਖਪੁਰਾ, ਹਰਵਿੰਦਰ ਸਿੰਘ ਬਡਰੁੱਖਾਂ, ਅੰਮ੍ਰਿਤਪਾਲ ਸਿੰਘ ਸੰਤੋਖਪੁਰਾ, ਜਤਿੰਦਰ ਸਿੰਘ ਸੰਤੋਖਪੁਰਾ, ਗੁਰਭਜਨ ਸਿੰਘ ਸੰਤੋਖਪੁਰਾ, ਹਰਮੀਤ ਸਿੰਘ ਖੇੜੀ ਚੰਦਵਾਂ ਅਤੇ ਮਨਪ੍ਰੀਤ ਸਿੰਘ ਜਲਾਣ ਵੀ ਮੌਜੂਦ ਸਨ।