ਪੱਤਰ ਪ੍ਰੇਰਕ
ਭਵਾਨੀਗੜ੍ਹ, 3 ਮਾਰਚ
ਟਰੱਕ ਯੂਨੀਅਨ ਦੇ ਦੋ ਧੜਿਆਂ ਵਿਚਕਾਰ ਬੀਤੇ ਕੱਲ੍ਹ ਹੋਈ ਖੂਨੀ ਝੜਪ ਦੇ ਮਾਮਲੇ ’ਚ ਪੁਲੀਸ ਵੱਲੋਂ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸਮੇਤ 6 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ।
ਇੱਥੇ ਥਾਣੇ ਵਿੱਚ ਦਿੱਤੇ ਬਿਆਨ ਵਿੱਚ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਨੇ ਦੱਸਿਆ ਕਿ ਉਹ 2 ਮਾਰਚ ਨੂੰ ਟਰੱਕ ਯੂਨੀਅਨ ਵਿੱਚ ਆਇਆ ਸੀ, ਇਸ ਦੌਰਾਨ ਉਸ ਨੇ ਜਦੋਂ ਮਲਕੀਤ ਸਿੰਘ ਫੌਜੀ ਨੂੰ ਇਕ ਆਡੀਓ ਵਾਇਰਲ ਕਰਨ ਸਬੰਧੀ ਕਿਹਾ ਤਾਂ ਫੌਜੀ ਸਮੇਤ ਸਾਬਕਾ ਪ੍ਰਧਾਨ ਜਗਮੀਤ ਸਿੰਘ ਉਰਫ ਭੋਲਾ ਅਤੇ ਕੁਝ ਵਿਅਕਤੀਆਂ ਨੇ ਤਲਵਾਰਾਂ ਤੇ ਡਾਂਗਾਂ ਨਾਲ ਹਮਲਾ ਕਰ ਕੇ ਉਸ ਨੂੰ ਅਤੇ ਉਸ ਦੇ ਭਰਾ ਗੁਰਜੀਤ ਸਿੰਘ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ।
ਹਰਜੀਤ ਸਿੰਘ ਬੀਟਾ ਦੇ ਬਿਆਨ ’ਤੇ ਪੁਲੀਸ ਨੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਵਾਸੀ ਬਲਿਆਲ, ਜਗਦੀਪ ਸਿੰਘ ਗੋਗੀ, ਲਵਪ੍ਰੀਤ ਸਿੰਘ, ਜਤਿੰਦਰ ਸਿੰਘ, ਗੁਰਦੀਪ ਸਿੰਘ ਸਾਰੇ ਵਾਸੀ ਨਰੈਣਗੜ ਅਤੇ ਮਲਕੀਤ ਸਿੰਘ ਫੌਜੀ ਵਾਸੀ ਭਵਾਨੀਗੜ੍ਹ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਭਵਾਨੀਗੜ੍ਹ ਵਿੱਚ ਕੇਸ ਦਰਜ ਕੀਤਾ ਹੈ।